ਬਿਊਰੋ, ਪ੍ਰਾਈਮ ਪੋਸਟ ਪੰਜਾਬ
ਜਲੰਧਰ, 23 ਜੂਨ 2023 :ਜਲੰਧਰ-ਨਕੋਦਰ ਹਾਈਵੇਅ ‘ਤੇ ਅੱਜ ਸ਼ੁੱਕਰਵਾਰ ਸਵੇਰੇ ਕਰੀਬ 3.30 ਵਜੇ ਇਕ ਤੇਜ਼ ਰਫਤਾਰ ਟਰੱਕ ਨੇ ਸੜਕ ਕਿਨਾਰੇ ਖੜ੍ਹੇ ਪੰਕਚਰ ਕੈਂਟਰ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਗੱਡੀ ਦਾ ਟਾਇਰ ਬਦਲ ਰਹੇ ਦੋ ਵਿਅਕਤੀਆਂ ਦੀ ਕੁਚਲਣ ਕਾਰਨ ਮੌਕੇ ’ਤੇ ਹੀ ਮੌਤ ਹੋ ਗਈ। ਇਹ ਹਾਦਸਾ ਲਾਂਬੜਾ ਥਾਣੇ ਦੇ ਪਿੰਡ ਸਿੰਘਾ ਨੇੜੇ ਵਾਪਰਿਆ।ਦੋਵੇਂ ਮ੍ਰਿਤਕ ਡਰਾਈਵਰ ਸਨ। ਉਹ ਜੈਕ ਲਗਾ ਕੇ ਗੱਡੀ ਦੇ ਪੰਚਰ ਹੋਏ ਟਾਇਰ ਨੂੰ ਬਦਲ ਰਹੇ ਸਨ। ਲੋਕਾਂ ਨੇ ਦੱਸਿਆ ਕਿ ਟੱਕਰ ਇੰਨੀ ਭਿਆਨਕ ਸੀ ਕਿ ਦੋਵੇਂ ਵਾਹਨਾਂ ਦੇ ਪਰਖੱਚੇ ਉੱਡ ਗਏ। ਦੋਵਾਂ ਡਰਾਈਵਰਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ।
ਚਸ਼ਮਦੀਦਾਂ ਦਾ ਕਹਿਣਾ ਹੈ ਕਿ ਜਿਸ ਵਾਹਨ ਨੇ ਕੈਂਟਰ ਨੂੰ ਟੱਕਰ ਮਾਰੀ, ਉਹ ਤੇਜ਼ ਰਫ਼ਤਾਰ ਸੀ। ਮੰਨਿਆ ਜਾ ਰਿਹਾ ਹੈ ਕਿ ਰਾਤ ਤੋਂ ਡਰਾਈਵਿੰਗ ਕਰ ਰਹੇ ਡਰਾਈਵਰ ਦੀ ਗੱਡੀ ਚਲਾਉਂਦੇ ਸਮੇਂ ਅੱਖ ਲੱਗ ਗਈ ਸੀ। ਟਰੱਕ ਚਲਾਉਂਦੇ ਸਮੇਂ ਉਹ ਸੌਂ ਗਿਆ। ਜਿਸ ਕਾਰਨ ਇਹ ਹਾਦਸਾ ਵਾਪਰਿਆ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

