ਬਿਊਰੋ, ਪ੍ਰਾਈਮ ਪੋਸਟ ਪੰਜਾਬ
ਗੁਰਦਾਸਪੁਰ : ਬਟਾਲਾ ਦੇ ਕਸਬਾ ਹਰਚੋਵਾਲ ਤੋਂ ਪਿੰਡ ਔਲਖ ਨੇੜੇ ਇਕ ਦਰਦਨਾਕ ਹਾਦਸਾ ਵਾਪਰਿਆ। ਕਾਰ ਅਤੇ ਮੋਟਰਸਾਈਕਲ ਵਿਚਕਾਰ ਹੋਈ ਭਿਆਨਕ ਟੱਕਰ ਦੌਰਾਨ ਮੋਟਰਸਾਈਕਲ ਸਵਾਰ ਦੋ ਔਰਤਾਂ ਸਮੇਤ ਤਿੰਨ ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਹ ਤਿੰਨੋਂ ਕਿਸੇ ਰਿਸ਼ਤੇਦਾਰ ਦੀਆਂ ਅੰਤਿਮ ਰਸਮਾਂ ਤੋਂ ਬਾਅਦ ਵਾਪਸ ਆਪਣੇ ਪਿੰਡ ਜਾ ਰਹੇ ਸਨ ਕਿ ਇਹ ਹਾਦਸਾ ਵਾਪਰ ਗਿਆ।
ਮੁੱਢਲੀ ਜਾਣਕਾਰੀ ਅਨੁਸਾਰ PB 06 E 1527 ਇੰਡੀਗੋ ਕਾਰ ਚਾਲਕ ਹਰਚੋਵਾਲ ਕੀੜੀ ਮਿੱਲ ਰੋਡ ’ਤੇ ਜਾ ਰਿਹਾ ਸੀ ਤਾਂ ਪਿੰਡ ਔਲਖ ਵੱਲੋਂ ਆ ਰਹੇ ਮੋਟਰਸਾਈਕਲ ’ਤੇ ਸਵਾਰ ਇੱਕ ਵਿਅਕਤੀ ਅਤੇ ਦੋ ਔਰਤਾਂ ਦੀ ਕਾਰ ਨਾਲ ਭਿਆਨਕ ਟੱਕਰ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਮੋਟਰਸਾਈਕਲ ਦੇ ਪਰਖੱਚੇ ਉੱਡ ਗਏ ਅਤੇ ਮੋਟਰਸਾਈਕਲ ਸਵਾਰ ਦੋ ਔਰਤਾਂ ਅਤੇ ਇੱਕ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਹਾਦਸੇ ਤੋਂ ਬਾਅਦ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਮ੍ਰਿਤਕਾਂ ਦੀ ਪਛਾਣ ਰਛਪਾਲ ਸਿੰਘ ਪੁੱਤਰ ਅਰਜੁਨ ਸਿੰਘ ਅਤੇ ਸੋਨੀਆ ਪਤਨੀ ਕੁਲਦੀਪ ਸਿੰਘ ਵਾਸੀ ਪਿੰਡ ਔਲਖ ਅਤੇ ਰਿੰਪੀ ਪਤਨੀ ਸੁੱਚਾ ਸਿੰਘ ਵਾਸੀ ਪਿੰਡ ਧੰਨੇ ਚੀਮਾ ਵਜੋਂ ਹੋਈ ਹੈ। ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ‘ਚ ਇਕ ਬਜ਼ੁਰਗ ਦਾ ਦਿਹਾਂਤ ਹੋ ਗਿਆ ਸੀ, ਜਿਸ ਦੇ ਅੰਤਿਮ ਸੰਸਕਾਰ ‘ਚ ਤਿੰਨੋਂ ਵੀ ਆਏ ਸਨ। ਇਸ ਉਦਾਸੀ ਭਰੇ ਮਾਹੌਲ ਵਿੱਚ ਜਦੋਂ ਉਹ ਵਾਪਸ ਘਰ ਜਾ ਰਿਹਾ ਸੀ ਤਾਂ ਤੇਜ਼ ਰਫ਼ਤਾਰ ਕਾਰ ਨਾਲ ਉਨ੍ਹਾਂ ਦਾ ਮੋਟਰਸਾਈਕਲ ਟਕਰਾ ਗਿਆ।
ਹਾਦਸੇ ਦੀ ਸੂਚਨਾ ਮਿਲਦਿਆਂ ਹੀ ਥਾਣਾ ਸ੍ਰੀ ਹਰਗੋਬਿੰਦਪੁਰ ਅਧੀਨ ਆਉਂਦਾ ਹਰਚੋਵਾਲ ਥਾਣਾ ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਉਨ੍ਹਾਂ ਦੱਸਿਆ ਕਿ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਬਟਾਲਾ ਦੇ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ ਅਤੇ ਦੋਵੇਂ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਇਸ ਸਬੰਧੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ

