ਬਿਊਰੋ, ਪ੍ਰਾਈਮ ਪੋਸਟ ਪੰਜਾਬ
ਲੁਧਿਆਣਾ, 10 ਜੂਨ 2023 : ਲੁਧਿਆਣਾ ਵਿੱਚ ਬੀਤੇ ਦੇਰ ਰਾਤ ਨੂੰ ਕਰੋੜਾਂ ਰੁਪਏ ਦੀ ਲੁੱਟ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਰਾਜਗੁਰੂ ਨਗਰ ਵਿੱਚ ਏਟੀਐਮ ਵਿੱਚ ਕੈਸ਼ ਜਮ੍ਹਾਂ ਕਰਵਾਉਣ ਵਾਲੀ ਕੰਪਨੀ ਸੀਐਮਐਸ ਤੋਂ ਕਰੀਬ 10 ਕਰੋੜ ਰੁਪਏ ਦੀ ਲੁੱਟ ਕੀਤੀ ਗਈ ਹੈ। ਇਹ ਘਟਨਾ ਬੀਤੇ ਦੇਰ ਰਾਤ ਕਰੀਬ ਇਕ ਵਜੇ ਤੋਂ ਬਾਅਦ ਦੀ ਦੱਸੀ ਜਾ ਰਹੀ ਹੈ।
ਮਿਲੀ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਦੇਰ ਰਾਤ 10 ਲੋਕ ਕੰਪਨੀ ਦੇ ਕੈਂਪਸ ਵਿੱਚ ਦਾਖਲ ਹੋ ਗਏ। ਇਨ੍ਹਾਂ ਵਿਚੋਂ ਦੋ ਲੋਕ ਪਿੱਛਲੇ ਰਸਤੇ ਰਾਹੀਂ ਕੰਪਨੀ ਦਫ਼ਤਰ ਵਿੱਚ ਦਾਖਲ ਹੋਏ ਅਤੇ ਦਰਵਾਜਾ ਖੋਲ੍ਹ ਦਿੱਤਾ। ਇਸ ਤੋਂ ਬਾਅਦ ਬਾਕੀ ਆਰੋਪੀ ਅੰਦਰ ਆਏ ਅਤੇ ਉਥੇ ਤੈਨਾਤ ਦੋ ਗਾਰਡ ਅਤੇ ਤਿੰਨ ਕਰਮਚਾਰੀਆਂ ਨੂੰ ਬੰਧਕ ਬਣਾ ਦਿੱਤਾ। ਇਸ ਤੋਂ ਬਾਅਦ ਨਗਦੀ ਲੁੱਟ ਕੇ ਫਰਾਰ ਹੋ ਗਏ। ਲੁਟੇਰੇ ਕੈਸ਼ ਵੈਨ ਹੀ ਲੁੱਟ ਕੇ ਲੈ ਗਏ। ਵੈਨ ਵਿਚ ਕਰੋੜਾਂ ਰੁਪਏ ਸਨ। ਦੱਸਿਆ ਇਹ ਜਾ ਰਿਹਾ ਹੈ ਕਿ, ਇਹ ਸਾਰਾ ਪੈਸਾ ਸੀਐਨਐਸ ਫ਼ਾਇਨਾਂਸ ਕੰਪਨੀ ਦਾ ਸੀ।
ਉਥੇ ਹੀ ਪੁਲਿਸ ਕਮਿਸ਼ਨਰ ਮਨਦੀਪ ਸਿੱਧੂ ਮੌਕੇ ਤੇ ਪਹੁੰਚ ਗਏ ਹਨ ਅਤੇ ਉਨ੍ਹਾਂ ਦੇ ਵਲੋਂ ਦਾਅਵਾ ਕੀਤਾ ਗਿਆ ਹੈ ਕਿ, ਸਾਡੀਆਂ ਟੀਮਾਂ ਵਲੋਂ ਮੁੱਲਾਪੁਰ ਦਾਗਾ ਤੋਂ ਇੱਕ ਕੈਸ਼ ਵੈਨ ਬਰਾਮਦ ਕਰ ਲਈ ਹੈ ਅਤੇ ਉਥੋਂ ਵੈਪਨ ਬਰਾਮਦ ਕਰ ਲਏ ਗਏ ਹਨ। ਇਸ ਘਟਨਾ ਦਾ ਪਤਾ ਚਲਦਿਆਂ ਹੀ ਪੁਲਿਸ ਮੌਕੇ ਉਤੇ ਪਹੁੰਚ ਗਈ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਦੂਸਰੇ ਪਾਸੇ ਇਹ ਘਟਨਾ ਕਈ ਤਰ੍ਹਾਂ ਦੇ ਸਵਾਲ ਵੀ ਖੜ੍ਹੇ ਕਰਦੀ ਹੈ। ਘਟਨਾ ਰਾਤ ਨੂੰ ਹੋਈ ਦੱਸੀ ਗਈ, ਜਦੋਂ ਕਿ ਕੰਪਨੀ ਨੇ ਪੁਲਿਸ ਨੂੰ ਇਸ ਦੀ ਸੂਚਨਾ ਸਵੇਰੇ ਕਰੀਬ 7 ਵਜੇ ਦਿੱਤੀ ਗਈ।

