ਰੋਜ਼ਗਾਰ ਮੇਲੇ ਦੌਰਾਨ ਵੱਖ ਵੱਖ ਕੰਪਨੀਆਂ ਵੱਲੋਂ 170 ਪ੍ਰਾਰਥੀਆਂ ਦੀ ਚੋਣ
ਸੰਜੀਵ ਜਿੰਦਲ
ਮਾਨਸਾ, 7 ਜੂਨ 2023 : ਜ਼ਿਲ੍ਹਾ ਪ੍ਰਸ਼ਾਸਨ ਦੀਆਂ ਹਦਾਇਤਾਂ ‘ਤੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਖਿਆਲਾ ਕਲਾਂ ਵਿਖੇ ਰੋਜ਼ਗਾਰ ਮੇਲਾ ਲਗਾਇਆ ਗਿਆ ਜਿੱਥੇ ਸਹਾਇਕ ਕਮਿਸ਼ਨਰ (ਜ) ਸ੍ਰੀ ਹਰਜਿੰਦਰ ਸਿੰਘ ਜੱਸਲ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਰੋਜ਼ਗਾਰ ਮੇਲੇ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀ ਦੇ ਮੌਕੇ ਦੇਣ ਲਈ ਅਹਿਮ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਰੋਜ਼ਗਾਰ ਬਿਊਰੋ ਵੱਲੋਂ ਸਮੇਂ ਸਮੇਂ ‘ਤੇ ਪਲੇਸਮੈਂਟ ਕੈਂਪ ਲਗਾ ਕੇ ਵੀ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕੀਤੇ ਜਾਂਦੇ ਹਨ।
ਉਨ੍ਹਾਂ ਦੱਸਿਆ ਕਿ ਰੋਜ਼ਗਾਰ ਮੇਲੇ ਵਿਚ 400 ਬੇਰੁਜ਼ਗਾਰ ਪ੍ਰਾਰਥੀਆਂ ਨੇ ਭਾਗ ਲਿਆ। ਟ੍ਰਾਈਡੈਂਟ, ਐਲ.ਆਈ.ਸੀ, ਚੈਕਮੇਟ ਸਕਿਉਰਟੀ ਸਰਵਿਸਸ, ਸੱਤਿਆ ਮੈਕਰੋ ਕੈਪੀਟਲ ਅਤੇ ਹੋਰ ਨਾਮੀ ਕੰਪਨੀਆਂ ਵੱਲੋਂ 170 ਪ੍ਰਾਰਥੀਆਂ ਦੀ ਚੋਣ ਕੀਤੀ ਗਈ ਹੈ।
ਸਹਾਇਕ ਕਮਿਸ਼ਨਰ ਹਰਜਿੰਦਰ ਸਿੰਘ ਜੱਸਲ ਨੇ ਚੁਣੇ ਗਏ ਪ੍ਰਾਰਥੀਆਂ ਨੂੰ ਨਿਯੁਕਤੀ ਪੱਤਰ ਵੰਡੇ। ਉਨ੍ਹਾਂ ਨਿਯੁਕਤ ਹੋਏ ਪ੍ਰਾਰਥੀਆਂ ਨੂੰ ਵਧਾਈ ਦਿੱਤੀ ਅਤੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਭਵਿੱਖ ਵਿਚ ਵੀ ਇਸ ਤਰ੍ਹਾ ਦੇ ਹੋਰ ਰੋਜ਼ਗਾਰ ਮੇਲੇਆਂ ਦਾ ਆਯੋਜਨ ਕਰਨ ਲਈ ਕਿਹਾ ਤਾਂ ਜੋ ਵੱਧ ਤੋਂ ਵੱਧ ਬੇਰੁਜ਼ਗਾਰ ਪ੍ਰਾਰਥੀਆਂ ਨੂੰ ਰੋਜ਼ਗਾਰ ਮੁਹੱਈਆ ਕਰਵਾਇਆ ਜਾ ਸਕੇ।