ਬਿਊਰੋ, ਪ੍ਰਾਈਮ ਪੋਸਟ ਪੰਜਾਬ
ਕਪੂਰਥਲਾ, 7 ਜੂਨ 2023 : ਕਪੂਰਥਲਾ ਵਿੱਚ ਤਿੰਨ ਦਿਨ ਪਹਿਲਾਂ ਹੋਈ ਲੱਖਾਂ ਦੀ ਨਕਦੀ ਸਮੇਤ ਚੋਰੀ ਦੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਐਸ.ਪੀ. ਜਾਂਚ ਰਮਨਿੰਦਰ ਸਿੰਘ ਪੁਲਿਸ ਦੀ ਪਿੱਠ ਥਪਥਪਾ ਰਿਹਾ ਸੀ, ਉਸ ਦੀ ਪੋਲ ਅਗਲੇ ਹੀ ਦਿਨ ਉਸ ਸਮੇਂ ਬੇਨਕਾਬ ਹੋ ਗਈ ਜਦੋਂ ਸਿਵਲ ਹਸਪਤਾਲ ਕਪੂਰਥਲਾ ਵਿੱਚ ਹੱਥਕੜੀਆਂ ਸਮੇਤ ਕੰਧ ਟੱਪ ਕੇ ਥਾਣਾ ਸਦਰ ਦੀ ਪੁਲਿਸ ਹਿਰਾਸਤ ਵਿੱਚੋਂ ਇੱਕ ਚੋਰੀ ਦਾ ਮੁਲਜ਼ਮ ਫਰਾਰ ਹੋ ਗਿਆ। ਜਿਸ ਕਾਰਨ ਪੁਲਸ ਨੂੰ ਹੱਥਾਂ ਪੈਰਾਂ ਦੀ ਪੈ ਗਈ । ਜਿਸ ਨਾਲ ਹਮੇਸ਼ਾਂ ਆਪਣੇ ਹੀ ਸੋਹਲੇ ਗਾਉਣ ਵਾਲੀ ਪੰਜਾਬ ਪੁਲੀਸ ਦੀ ਲਾਪ੍ਰਵਾਹੀ ਸਾਹਮਣੇ ਆਈ ਹੈ।ਹਾਲਾਂਕਿ ਪੁਲਿਸ ਨੇ 15 ਮਿੰਟਾਂ ਦੇ ਅੰਦਰ ਮੁਹੱਬਤ ਨਗਰ ਤੋਂ ਮੁਲਜ਼ਮ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਪਰ ਇਹ ਫਰਾਰੀ ਪੁਲਿਸ ਲਈ ਨਮੋਸ਼ੀ ਦਾ ਕਾਰਨ ਬਣ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਸਦਰ ਦੀ ਪੁਲਸ ਨੇ ਏ.ਸੀ ਕੰਪ੍ਰੈਸ਼ਰ ਚੋਰੀ ਦੇ ਦੋਸ਼ ‘ਚ ਇਕ ਦੋਸ਼ੀ ਜੋਧਾ ਸਿੰਘ ਵਾਸੀ ਖਾਨਪੁਰ ਨੂੰ ਗ੍ਰਿਫਤਾਰ ਕੀਤਾ ਸੀ। ਜਿਸਦੇ ਖਿਲਾਫ FIR ਨੰ. 44 ਥਾਣਾ ਸਦਰ ਵਿੱਚ ਦਰਜ ਹੈ। ਮੁਲਜ਼ਮ ਨੂੰ ਅੱਜ ਮਾਣਯੋਗ ਅਦਾਲਤ ਵਿੱਚ ਪੇਸ਼ ਕਰਨ ਤੋਂ ਪਹਿਲਾਂ ਪੁਲਿਸ ਉਸ ਦਾ ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਕਪੂਰਥਲਾ ਆਈ। ਸਿਵਲ ਹਸਪਤਾਲ ‘ਚ ਮੈਡੀਕਲ ਕਰਵਾਉਣ ਤੋਂ ਬਾਅਦ ਚੋਰੀ ਦਾ ਦੋਸ਼ੀ ਜੋਧਾ ਸਿੰਘ ਪੁਲਸ ਨੂੰ ਚਕਮਾ ਦੇ ਕੇ ਸਿਵਲ ਹਸਪਤਾਲ ਦੇ ਮੁਰਦਾਘਰ ਨੇੜੇ ਕੰਧ ਟੱਪ ਕੇ ਫਰਾਰ ਹੋ ਗਿਆ। ਜਿਸ ਦਾ ਪੁਲਿਸ ਟੀਮ ਨੇ ਤੁਰੰਤ ਪਿੱਛਾ ਕੀਤਾ ਅਤੇ 15 ਮਿੰਟ ਬਾਅਦ ਨਜ਼ਦੀਕੀ ਇਲਾਕੇ ਮੁਹੱਬਤ ਨਗਰ ਤੋਂ ਕਾਬੂ ਕਰ ਲਿਆ | ਸਦਰ ਇੰਚਾਰਜ ਸੋਨਮਦੀਪ ਕੌਰ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ। ਦੂਜੇ ਪਾਸੇ ਐਸਪੀ-ਇਨਵੈਸਟੀਗੇਸ਼ਨ ਰਾਮਨਿੰਦਰ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਇਸ ਘਟਨਾ ਬਾਰੇ ਕੋਈ ਜਾਣਕਾਰੀ ਨਹੀਂ ਹੈ।

