ਬਿਊਰੋ, ਪ੍ਰਾਈਮ ਪੋਸਟ ਪੰਜਾਬ
ਚੰਡੀਗੜ੍ਹ : ਲਾਰੈਂਸ ਬਿਸ਼ਨੋਈ ਗੈਂਗ ਦੇ ਗੈਂਗਸਟਰ ਸੰਪਤ ਨਹਿਰਾ ਖਿਲਾਫ ਸੱਤ ਸਾਲ ਪੁਰਾਣੇ ਮਾਮਲੇ ਵਿੱਚ ਦੋਸ਼ ਆਇਦ ਕੀਤੇ ਗਏ ਹਨ। ਪੰਜਾਬ ਪੁਲਿਸ ਨੇ ਭਾਰੀ ਸੁਰੱਖਿਆ ਦਰਮਿਆਨ ਸੰਪਤ ਨੂੰ ਬਠਿੰਡਾ ਜੇਲ੍ਹ ਤੋਂ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਪੇਸ਼ੀ ਲਈ ਲਿਆਂਦਾ। ਉਹ ਤਿੰਨ ਵੱਖ-ਵੱਖ ਮਾਮਲਿਆਂ ਵਿੱਚ ਅਦਾਲਤ ਵਿੱਚ ਪੇਸ਼ ਹੋਇਆ।
ਜ਼ਿਲ੍ਹਾ ਅਦਾਲਤ ਵਿੱਚ ਪਹੁੰਚਦਿਆਂ ਹੀ ਸੰਪਤ ਨੂੰ ਸੱਤ ਸਾਲ ਪਹਿਲਾਂ ਵਾਪਰੇ ਇੱਕ ਕੇਸ ਵਿੱਚ ਜੈਬੀਰ ਸਿੰਘ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਦਰਜ ਕੀਤੇ ਗਏ ਕੇਸ ਅਨੁਸਾਰ ਪੁਲਿਸ ਨੇ ਸੈਕਟਰ-10 ਵਿੱਚ ਦੋ ਵਿਦਿਆਰਥੀਆਂ ’ਤੇ ਕੁੱਟਮਾਰ ਕਰਨ ਦੇ ਮਾਮਲੇ ਵਿੱਚ ਕਤਲ ਦੀ ਕੋਸ਼ਿਸ਼ (ਆਈਪੀਸੀ ਦੀ ਧਾਰਾ 308) ਤਹਿਤ ਕੇਸ ਦਰਜ ਕੀਤਾ ਸੀ।
ਇਸ ਮਾਮਲੇ ਵਿੱਚ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਜੈਬੀਰ ਸਿੰਘ ਦੀ ਅਦਾਲਤ ਨੇ ਗੈਂਗਸਟਰ ਸੰਪਤ ਨਹਿਰਾ ਖ਼ਿਲਾਫ਼ ਦੋਸ਼ ਆਇਦ ਕੀਤੇ ਹਨ। ਹੁਣ ਨਹਿਰਾ ਖਿਲਾਫ 1 ਜੁਲਾਈ ਤੋਂ ਸੁਣਵਾਈ ਸ਼ੁਰੂ ਹੋਵੇਗੀ। ਭਾਵੇਂ ਇਸ ਮਾਮਲੇ ਵਿੱਚ ਖਰੜ ਵਾਸੀ ਮਨਪ੍ਰੀਤ ਸਿੰਘ ਅਤੇ ਹਰਪ੍ਰੀਤ ਸਿੰਘ ਵੀ ਮੁਲਜ਼ਮ ਸਨ ਪਰ ਅਦਾਲਤ ਨੇ ਉਨ੍ਹਾਂ ਨੂੰ ਪਹਿਲਾਂ ਹੀ ਬਰੀ ਕਰ ਦਿੱਤਾ ਸੀ। ਇਸ ਮਾਮਲੇ ਵਿੱਚ ਨਹਿਰਾ ਭਗੌੜਾ ਸੀ ਪਰ ਉਸ ਨੂੰ ਸ਼ੁੱਕਰਵਾਰ ਨੂੰ ਬਠਿੰਡਾ ਜੇਲ੍ਹ ਤੋਂ ਚੰਡੀਗੜ੍ਹ ਅਦਾਲਤ ਵਿੱਚ ਪੇਸ਼ ਕੀਤਾ ਗਿਆ।
28 ਜੁਲਾਈ 2016 ਨੂੰ ਸੈਕਟਰ-10 ਸਥਿਤ ਮਿਊਜ਼ੀਅਮ ਦੇ ਸਾਹਮਣੇ ਪਾਰਕਿੰਗ ‘ਚ ਜਸਪ੍ਰੀਤ ਸਿੰਘ ਅਤੇ ਸੰਦੀਪ ਨਾਮਕ ਵਿਦਿਆਰਥੀਆਂ ‘ਤੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਕੁਝ ਲੜਕਿਆਂ ਨੇ ਹਮਲਾ ਕਰ ਦਿੱਤਾ ਸੀ। ਹਾਲਾਂਕਿ ਅਦਾਲਤ ‘ਚ ਗਵਾਹੀ ਦੌਰਾਨ ਸੰਦੀਪ ਆਪਣੇ ਬਿਆਨਾਂ ਤੋਂ ਮੁੱਕਰ ਗਿਆ ਸੀ। ਜਿਸ ਕਾਰਨ ਦੋ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਗਿਆ।
ਸੰਪਤ ਨਹਿਰਾ ਨੂੰ ਧਮਕੀਆਂ ਦੇਣ ਅਤੇ ਫਿਰੌਤੀ ਮੰਗਣ ਦੇ ਮਾਮਲੇ ਵੀ ਚੰਡੀਗੜ੍ਹ ਦੀ ਅਦਾਲਤ ਵਿੱਚ ਚੱਲ ਰਹੇ ਹਨ। ਇਨ੍ਹਾਂ ਮਾਮਲਿਆਂ ਵਿੱਚ ਵੀ ਸ਼ੁੱਕਰਵਾਰ ਨੂੰ ਉਸ ਨੂੰ ਜਸਪ੍ਰੀਤ ਸਿੰਘ ਮਿਨਹਾਸ ਅਤੇ ਮਯੰਕ ਮਰਵਾਹਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਉਨ੍ਹਾਂ ਵੱਲੋਂ ਐਡਵੋਕੇਟ ਰਮਨ ਸਿਹਾਗ ਪੇਸ਼ ਹੋਏ, ਜਿਨ੍ਹਾਂ ਨੇ ਦਾਅਵਾ ਕੀਤਾ ਕਿ ਨਹਿਰਾ ਖ਼ਿਲਾਫ਼ ਝੂਠਾ ਕੇਸ ਦਰਜ ਕੀਤਾ ਗਿਆ ਹੈ। ਸੰਪਤ ਨਹਿਰਾ ਨੂੰ ਵੱਖ-ਵੱਖ ਤਿੰਨੋਂ ਕੇਸ ਪੇਸ਼ ਕਰਨ ਤੋਂ ਬਾਅਦ ਪੰਜਾਬ ਪੁਲਿਸ ਉਨ੍ਹਾਂ ਨੂੰ ਵਾਪਸ ਬਠਿੰਡਾ ਲੈ ਗਈ।

