ਬਿਊਰੋ, ਪ੍ਰਾਈਮ ਪੋਸਟ ਪੰਜਾਬ
ਲੁਧਿਆਣਾ ਜ਼ਿਲ੍ਹੇ ਦੇ ਮਾਛੀਵਾੜਾ ਵਿਖੇ ਕਰੰਟ ਲੱਗਣ ਨਾਲ ਪ੍ਰਵਾਸੀ ਮਜ਼ਦੂਰ ਦੀ ਮੌਤ ਹੋ ਗਈ ਹੈ।ਉਹ ਖੇਤਾਂ ਵਿੱਚ ਮੱਕੀ ‘ਤੇ ਕੀਟਨਾਸ਼ਕ ਦਵਾਈ ਦਾ ਛਿੜਕਾਅ ਕਰ ਰਿਹਾ ਸੀ। ਅਚਾਨਕ ਖੇਤਾਂ ਵਿੱਚ ਲਟਕਦੀ ਬਿਜਲੀ ਦੀ ਤਾਰ ਉਸ ਦੇ ਸਰੀਰ ਨੂੰ ਛੂਹ ਗਈ। ਇਸ ਕਾਰਨ ਉਸ ਨੂੰ ਜ਼ੋਰਦਾਰ ਝਟਕਾ ਲੱਗਾ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਮ੍ਰਿਤਕ ਪ੍ਰਵਾਸੀ ਮਜ਼ਦੂਰ ਦੀ ਪਛਾਣ ਰਾਕੇਸ਼ ਕੁਮਾਰ (20) ਵਾਸੀ ਬਾਲੀਬੇਗ ਬਸਤੀ ਵਜੋਂ ਹੋਈ ਹੈ।ਰਾਕੇਸ਼ ਕੁਮਾਰ ਆਪਣੇ 9 ਸਾਥੀਆਂ ਨਾਲ ਮੱਕੀ ਦੀ ਫਸਲ ‘ਤੇ ਸਪਰੇਅ ਕਰਨ ਲਈ ਮਾਛੀਵਾੜਾ ਆਇਆ ਹੋਇਆ ਸੀ। ਰਾਕੇਸ਼ ਦੀ ਮੌਤ ਤੋਂ ਤੁਰੰਤ ਬਾਅਦ ਉਸ ਦੇ ਸਾਥੀਆਂ ਨੇ ਮਾਛੀਵਾੜਾ ਥਾਣੇ ਨੂੰ ਸੂਚਨਾ ਦਿੱਤੀ। ਥਾਣਾ ਮੁਖੀ ਦਵਿੰਦਰਪਾਲ ਸਿੰਘ ਮੌਕੇ ’ਤੇ ਪੁੱਜੇ। ਬਿਜਲੀ ਸਪਲਾਈ ਬੰਦ ਕਰਕੇ ਪੁਲੀਸ ਨੇ ਰਾਕੇਸ਼ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ।ਡੀਐਸਪੀ ਵਰਿਆਮ ਸਿੰਘ ਨੇ ਕਿਹਾ ਕਿ ਪਰਿਵਾਰ ਦੇ ਬਿਆਨਾਂ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।


