ਬਿਊਰੋ, ਪ੍ਰਾਈਮ ਪੋਸਟ ਪੰਜਾਬ
ਬਰਨਾਲਾ,11 ਮਈ 2023 : ਨੇੜਲੇ ਪਿੰਡ ਵਜੀਦਕੇ ਕਲਾਂ ਦਾ ਫੌਜੀ ਜਵਾਨ ਲਾਂਸ ਨਾਇਕ ਜਸਵੀਰ ਸਿੰਘ ਪੁੱਤਰ ਕੁਲਦੀਪ ਸਿੰਘ ਜੰਮੂ-ਕਸ਼ਮੀਰ ਵਿੱਚ ਡਿਊਟੀ ਦੌਰਾਨ ਗੋਲੀ ਲੱਗਣ ਕਾਰਨ ਸ਼ਹੀਦ ਹੋ ਗਿਆ।
ਜਸਵੀਰ ਸਿੰਘ 2016 ਵਿੱਚ ਫੌਜ ਵਿੱਚ ਭਰਤੀ ਹੋਇਆ ਸੀ। ਇਸ ਸਮੇਂ ਉਹ ਜੰਮੂ ਕਸ਼ਮੀਰ ਦੇ ਪੁਣਛ ਜ਼ਿਲ੍ਹੇ ਦੇ ਮੇਂਡਰ ਖੇਤਰ ਵਿੱਚ ਡਿਊਟੀ ’ਤੇ ਤਾਇਨਾਤ ਸੀ। ਬੀਤੀ ਰਾਤ ਪਰਿਵਾਰ ਨੂੰ ਫੋਨ ਆਇਆ ਕਿ ਡਿਊਟੀ ਦੌਰਾਨ ਗੋਲੀ ਲੱਗਣ ਕਾਰਨ ਉਹ ਸ਼ਹੀਦ ਹੋ ਗਿਆ ਹੈ। ਉਹ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉਸ ਦਾ ਅੰਤਿਮ ਸੰਸਕਾਰ ਦੇਹ ਪਿੰਡ ਆਉਣ ’ਤੇ ਕੀਤਾ ਜਾਵੇਗਾ। ਗੋਲੀ ਲੱਗਣ ਦੇ ਕਾਰਨ ਸਪੱਸ਼ਟ ਨਹੀਂ ਹੋਏ।

ਜਸਵੀਰ ਸਿੰਘ ਦੇ ਪਿਤਾ ਕੁਲਦੀਪ ਸਿੰਘ ਨੇ ਦੱਸਿਆ ਕਿ ਜਸਵੀਰ ਸਿੰਘ ਉਨ੍ਹਾਂ ਦਾ ਇਕਲੌਤਾ ਪੁੱਤਰ ਸੀ। ਉਸ ਦਾ ਜਨਮ 10 ਅਕਤੂਬਰ 1995 ਨੂੰ ਹੋਇਆ। ਉਸ ਨੇ ਮੈਟ੍ਰਿਕ ਤੱਕ ਦੀ ਸਿੱਖਿਆ ਸ਼ਹੀਦ ਰਹਿਮਤ ਅਲੀ ਮੈਮੋਰੀਅਲ ਸਰਕਾਰੀ ਹਾਈ ਸਕੂਲ ਵਜੀਦਕੇ ਖੁਰਦ ਤੋਂ ਪ੍ਰਾਪਤ ਕੀਤੀ। ਇਸ ‘ਤੋਂ ਬਾਅਦ 12ਵੀਂ ਦੀ ਪੜਾਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਠੀਕਰੀਵਾਲ ਅਤੇ ਬੀਏ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਤੋਂ ਕੀਤੀ। ਇਸ ਉਪਰੰਤ ਉਹ 6 ਸਾਲ ਪਹਿਲਾਂ 2016 ਵਿੱਚ ਪਟਿਆਲਾ ਵਿਖੇ ਭਾਰਤੀ ਫ਼ੌਜ 10 ਜੈਕ ਰਾਇਫਲ ਵਿੱਚ ਭਰਤੀ ਹੋ ਗਿਆ।

