ਬਿਊਰੋ, ਪ੍ਰਾਈਮ ਪੋਸਟ ਪੰਜਾਬ
ਚੰਡੀਗੜ੍ਹ: ਪੰਜਾਬ ਵਿਜੀਲੈਂਸ ਬਿਊਰੋ ਨੇ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (GMADA ) ਨਾਲ ਧੋਖਾਧੜੀ ਕਰਨ ਵਾਲੇ 7 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ 2016 ਤੋਂ 2020 ਦਰਮਿਆਨ ਇਨ੍ਹਾਂ ਲੋਕਾਂ ਨੇ ਗਮਾਡਾ ‘ਚ ਜ਼ਮੀਨ ਐਕਵਾਇਰ ਦੌਰਾਨ ਜਾਅਲੀ ਦਸਤਾਵੇਜ਼ਾਂ ‘ਤੇ ਮੁਆਵਜ਼ਾ ਲਿਆ ਸੀ। ਇਸ ਮਾਮਲੇ ਵਿੱਚ ਇੱਕ ਮਾਲ ਅਧਿਕਾਰੀ ਸਮੇਤ ਸੱਤ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਮੁੱਖ ਮੁਲਜ਼ਮਾਂ ਦੀ ਪਛਾਣ ਭੁਪਿੰਦਰ ਸਿੰਘ, ਮੁਕੇਸ਼ ਜਿੰਦਲ, ਸ਼ਮਨ ਜਿੰਦਲ, ਅਨਿਲ ਜਿੰਦਲ, ਪ੍ਰਵੀਨ ਲਤਾ, ਵਿਸ਼ਾਲ ਭੰਡਾਰੀ, ਸੁਖਦੇਵ ਸਿੰਘ, ਬਿੰਦਰ ਸਿੰਘ ਅਤੇ ਬਚਿੱਤਰ ਸਿੰਘ ਵਜੋਂ ਹੋਈ ਹੈ।
ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਬਾਗਬਾਨੀ ਵਿਭਾਗ ਦੇ ਅਧਿਕਾਰੀ ਜਸਪ੍ਰੀਤ ਸਿੰਘ, ਵੈਸ਼ਾਲੀ, ਦਿਨੇਸ਼ ਕੁਮਾਰ, ਰਸ਼ਮੀ ਅਰੋੜਾ, ਅਨਿਲ ਅਰੋੜਾ ਅਤੇ ਵਿਸ਼ਾਲ ਭੰਡਾਰੀ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਬੁਲਾਰੇ ਨੇ ਦੱਸਿਆ ਕਿ ਇੱਕ ਸ਼ਿਕਾਇਤ ਦੀ ਜਾਂਚ ਦੌਰਾਨ ਵਿਜੀਲੈਂਸ ਬਿਊਰੋ ਨੇ ਪਾਇਆ ਕਿ ਗਮਾਡਾ ਨੇ 2016 ਵਿੱਚ ਐਸ.ਏ.ਐਸ.ਨਗਰ ਦੇ ਵੱਖ-ਵੱਖ ਪਿੰਡਾਂ ਦੀ ਜ਼ਮੀਨ ਐਕਵਾਇਰ ਕਰਨ ਲਈ ਨੋਟਿਸ ਪ੍ਰਕਾਸ਼ਿਤ ਕੀਤੇ ਸਨ। 2017 ਵਿੱਚ ਧਾਰਾ 4 ਅਧੀਨ ਅਤੇ 2020 ਵਿੱਚ ਧਾਰਾ 19 ਅਧੀਨ ਨੋਟੀਫਿਕੇਸ਼ਨ ਜਾਰੀ ਕੀਤਾ।
ਪ੍ਰਾਪਰਟੀ ਡੀਲਰ ਭੁਪਿੰਦਰ ਸਿੰਘ ਨੇ ਗਮਾਡਾ, ਮਾਲ ਤੇ ਬਾਗਬਾਨੀ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨਾਲ ਤਾਲਮੇਲ ਕੀਤਾ। ਜਿਸ ਤੋਂ ਬਾਅਦ ਉਸ ਨੇ ਆਪਣੇ ਸਾਥੀਆਂ ਅਨਿਲ ਜਿੰਦਲ, ਮੁਕੇਸ਼ ਜਿੰਦਲ ਅਤੇ ਵਿਕਾਸ ਭੰਡਾਰੀ ਨਾਲ ਮਿਲ ਕੇ ਪਾਵਰ ਆਫ ਅਟਾਰਨੀ ‘ਤੇ ਜ਼ਮੀਨ ਲੈ ਕੇ ਵਾਹੀਯੋਗ ਜ਼ਮੀਨ ‘ਤੇ ਅਮਰੂਦ ਦੇ ਬਾਗ ਲਗਾਉਣੇ ਸ਼ੁਰੂ ਕਰ ਦਿੱਤੇ।
ਬੁਲਾਰੇ ਨੇ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਮੁੱਖ ਦੋਸ਼ੀ ਭੁਪਿੰਦਰ ਸਿੰਘ ਨੇ ਆਪਣੇ ਅਤੇ ਆਪਣੇ ਪਰਿਵਾਰਕ ਮੈਂਬਰਾਂ ਲਈ ਅਮਰੂਦ ਦੀ ਖੇਤੀ ਲਈ ਕਰੀਬ 24 ਕਰੋੜ ਰੁਪਏ ਦਾ ਮੁਆਵਜ਼ਾ ਲਿਆ ਸੀ। ਇਸੇ ਤਰ੍ਹਾਂ ਮੁਕੇਸ਼ ਜਿੰਦਲ ਨੇ ਕਰੀਬ 20 ਕਰੋੜ ਰੁਪਏ ਦਾ ਮੁਆਵਜ਼ਾ ਲੈ ਕੇ ਸਰਕਾਰ ਨਾਲ ਠੱਗੀ ਮਾਰੀ ਹੈ। ਕਈ ਹੋਰਾਂ ਨੇ ਵੀ ਆਪਣੀ ਜ਼ਮੀਨ ‘ਤੇ ਅਮਰੂਦ ਦੇ ਬਾਗ ਦਿਖਾ ਕੇ ਸਰਕਾਰ ਤੋਂ ਨਾਜਾਇਜ਼ ਮੁਆਵਜ਼ਾ ਲੈ ਲਿਆ ਹੈ। ਵਿਜੀਲੈਂਸ ਬਿਊਰੋ ਨੇ ਕਿਹਾ ਕਿ ਬਾਕੀ ਮੁਲਜ਼ਮਾਂ ਨੂੰ ਵੀ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

