ਬਿਊਰੋ, ਪ੍ਰਾਈਮ ਪੋਸਟ ਪੰਜਾਬ
ਮਾਰਚ ਦੇ ਮਹੀਨੇ ਵਿੱਚ ਨਾ ਸਿਰਫ ਪੰਜਾਬ ‘ਚ ਸਗੋਂ ਉੱਤਰੀ ਭਾਰਤ ਵਿੱਚ ਬੇਮੌਸਮੀ ਬਾਰਿਸ਼ ਦੇਖਣ ਨੂੰ ਮਿਲੀ। ਇਸ ਦੌਰਾਨ ਨਵੀਨਤਮ ਭਵਿੱਖਬਾਣੀਆਂ ਦੇ ਮੁਤਾਬਕ ਤਾਜ਼ਾ ਪੱਛਮੀ ਗੜਬੜ ਅੱਜ ਯਾਨੀ 29 ਮਾਰਚ ਦੀ ਰਾਤ ਤੋਂ ਉੱਤਰ-ਪੱਛਮੀ ਭਾਰਤ ਨੂੰ ਪ੍ਰਭਾਵਿਤ ਕਰੇਗੀ, ਅਤੇ ਸ਼ੁੱਕਰਵਾਰ ਯਾਨੀ 31 ਮਾਰਚ ਤੱਕ ਸਿਸਟਮ ਦੇ ਮਜ਼ਬੂਤ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ।
ਭਾਰਤ ਮੌਸਮ ਵਿਭਾਗ ਦੇ ਅਨੁਸਾਰ ਵੀਰਵਾਰ ਯਾਨੀ 30 ਮਾਰਚ ਤੋਂ ਉੱਤਰ ਪੱਛਮੀ ਭਾਰਤ ਵਿੱਚ ਕਾਫ਼ੀ ਤੇਜ਼ ਬਾਰਿਸ਼ ਅਤੇ ਗਰਜ਼-ਤੂਫ਼ਾਨ ਹੋਣ ਦੀ ਸੰਭਾਵਨਾ ਹੈ। ਇਸ ਦੌਰਾਨ ਰਾਜਸਥਾਨ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਪੰਜਾਬ, ਹਰਿਆਣਾ ਅਤੇ ਪੱਛਮੀ ਉੱਤਰ ਪ੍ਰਦੇਸ਼ ਵਿੱਚ 30 ਤੇ 31 ਮਾਰਚ ਨੂੰ ਮੀਂਹ ਦੇ ਨਾਲ-ਨਾਲ ਗੜੇ ਪੈਣ ਦੀ ਸੰਭਾਵਨਾ ਹੈ।
ਇਨ੍ਹਾਂ ਭਵਿੱਖਬਾਣੀਆਂ ਨੂੰ ਦੇਖਦਿਆਂ, ਉਪਰੋਕਤ ਰਾਜਾਂ ਅਤੇ ਪ੍ਰਦੇਸ਼ਾਂ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ ਅਤੇ ਸਥਾਨਕ ਲੋਕਾਂ ਨੂੰ ਖਰਾਬ ਮੌਸਮ ਬਾਰੇ ‘ਅਪਡੇਟ’ ਰਹਿਣ ਲਈ ਅਪੀਲ ਕੀਤੀ ਗਈ ਹੈ। ਇਸ ਦੌਰਾਨ ਰਾਜਸਥਾਨ 30 ਮਾਰਚ ਨੂੰ ਆਰੇਂਜ ਅਲਰਟ (ਯਾਨੀ ‘ਤਿਆਰ ਰਹੋ’) ‘ਤੇ ਰਹੇਗਾ।
ਦੱਸਣਯੋਗ ਹੈ ਕਿ ਪਿਛਲੇ ਹਫ਼ਤੇ ਪਏ ਬੇਮੌਸਮੀ ਮੀਂਹ ਅਤੇ ਗੜੇਮਾਰੀ ਤੋਂ ਬਾਅਦ ਕਈ ਸੂਬਿਆਂ ਵਿੱਚ ਖੜ੍ਹੀਆਂ ਫ਼ਸਲਾਂ ਨੂੰ ਨੁਕਸਾਨ ਪਹੁੰਚਿਆ ਸੀ ਅਤੇ ਹੁਣ ਦੱਸਿਆ ਜਾ ਰਿਹਾ ਹੈ ਕਿ ਆਉਣ ਵਾਲੀ ਬਾਰਿਸ਼ ਅਤੇ ਗੜਿਆਂ ਕਰਕੇ ਵੀ ਇਸੇ ਤਰ੍ਹਾਂ ਦੀ ਤਬਾਹੀ ਹੋ ਸਕਦੀ ਹੈ। ਇਸ ਕਰਕੇ ਜਿਨ੍ਹਾਂ ਕਿਸਾਨਾਂ ਵੱਲੋਂ ਪਹਿਲਾਂ ਹੀ ਆਪਣੀ ਫ਼ਸਲ ਦੀ ਕਟਾਈ ਕਰ ਲਈ ਗਈ ਹੈ, ਉਨ੍ਹਾਂ ਤੋਂ ਅਪੀਲ ਕੀਤੀ ਗਈ ਹੈ ਕਿ ਉਹ ਫ਼ਸਲ ਨੂੰ ਸੜਨ ਤੋਂ ਰੋਕਣ ਲਈ ਉਨ੍ਹਾਂ ਨੂੰ ਸੁੱਕੀਆਂ ਅਤੇ ਨਮੀ ਤੋਂ ਸੁਰੱਖਿਅਤ ਥਾਵਾਂ ‘ਤੇ ਰੱਖਣ।ਅਜਿਹੇ ‘ਚ ਅਗਲੇ 5 ਦਿਨਾਂ ਵਿੱਚ ਉੱਤਰੀ ਭਾਰਤ ਵਿੱਚ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਘੱਟ ਰਹਿਣ ਦੀ ਉਮੀਦ ਹੈ।