ਬਿਊਰੋ, ਪ੍ਰਾਈਮ ਪੋਸਟ ਪੰਜਾਬ
ਨਵੀਂ ਦਿੱਲੀ: ਸਰਕਾਰ ਨੇ ਅੰਗ ਬਦਲਾਉਣ ਦੀ ਲੋੜ ਵਾਲੇ ਮਰੀਜ਼ਾਂ ਲਈ ਰਜਿਰਸਟਰੇਸ਼ਨ ਵਾਸਤੇ ਸੂਬੇ ਦੇ ਸਥਾਈ ਨਿਵਾਸੀ ਹੋਣ ਦੀ ਸ਼ਰਤ ਹਟਾ ਦਿੱਤੀ ਹੈ। ਰਾਜ ਸਭਾ ਵੱਲੋਂ ਅੱਜ ਇਹ ਜਾਣਕਾਰੀ ਦਿੱਤੀ ਗਈ। ਸਿਹਤ ਰਾਜ ਮੰਤਰੀ ਪਰਵੀਨ ਪਵਾਰ ਨੇ ਇੱਕ ਲਿਖਤੀ ਜਵਾਬ ਵਿੱਚ ਕਿਹਾ ਕਿ ਹੁਣ ਅਜਿਹੇ ਮਰੀਜ਼ ਕਿਸੇ ਵੀ ਸੂਬੇ ਵਿੱਚ ਜਾਣ ਲਈ ਯੋਗ ਹੋਣਗੇ ਅਤੇ ਅੰਗ ਬਦਲਾਉਣ ਲਈ ਰਜਿਸਟਰਡ ਹੋ ਸਕਣਗੇ।
ਉਨ੍ਹਾਂ ਆਖਿਆ ਕਿ ਸਰਕਾਰ ਆਪਣੇ ‘ਇੱਕ ਦੇਸ਼ ਇੱਕ ਨੀਤੀ’ ਦੇ ਮਕਸਦ ਨਾਲ ਅੰਗ ਦਾਨ ਅਤੇ ਬਦਲਾਉਣ ਸਬੰਧੀ ਸੂਬਿਆਂ ਨਾਲ ਸਲਾਹ ਮਸ਼ਵਰੇ ’ਤੇ ਕੰਮ ਕਰ ਰਹੀ ਹੈ। ਪਰਵੀਨ ਪਵਾਰ ਨੇ ਕਿਹਾ, ‘‘ਇਸ ਸਬੰਧ ਵਿੱਚ ਅੰਗ ਬਦਲਾਉਣ ਦੀ ਲੋੜ ਵਾਲੇ ਮਰੀਜ਼ਾਂ ਲਈ ਮ੍ਰਿਤਕ ਦਾਨੀ ਤੋਂ ਅੰਗ ਲੈਣ ਵਾਸਤੇ ਸੂਬੇ ਦੇ ਸਥਾਈ ਨਿਵਾਸੀ (ਡੋਮੀਸਾਈਲ) ਹੋਣ ਦੀ ਲੋੜ ਖਤਮ ਕਰਨ ਦਾ ਫ਼ੈਸਲਾ ਕੀਤਾ ਹੈ। ਹੁਣ ਅਜਿਹੇ ਮਰੀਜ਼ ਕਿਸੇ ਵੀ ਸੂਬੇ ਵਿੱਚ ਜਾਣ ਲਈ ਯੋਗ ਹੋਣਗੇ ਅਤੇ ਅੰਗ ਬਦਲਾਉਣ ਲਈ ਰਜਿਸਟਰਡ ਹੋ ਸਕਣਗੇ।’’ ਸਰਕਾਰ ਦੇ ਨਵੇਂ ਦਿਸ਼ਾ ਨਿਰਦੇਸ਼ਾਂ ਮੁਤਾਬਕ ਕਿਸੇ ਮ੍ਰਿਤਕ ਦਾਨੀ ਤੋਂ ਅੰਗ ਲੈਣ ਲਈ ਰਜਿਸਟਰੇਸ਼ਨ ਯੋਗਤਾ ਵਾਸਤੇ ਉਪਰਲੀ ਉਮਰ ਹੱਦ 65 ਸਾਲ ਦੀ ਲੋੜ ਖਤਮ ਕਰ ਦਿੱਤੀ ਹੈ।
ਮੰਤਰੀ ਨੇ ਕਿਹਾ ਕਿ ਹੁਣ ਕਿਸੇ ਵੀ ਉਮਰ ਦਾ ਵਿਅਕਤੀ ਅੰਗ ਦਾਨ ਲੈਣ ਲਈ ਰਜਿਸਟਰੇਸ਼ਨ ਕਰਵਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਇਸ ਸਬੰਧੀ ਮਨੁੱਖੀ ਅੰਗ ਅਤੇ ਟਿਸ਼ੂ ਟਰਾਂਸਪਲਾਂਟੇਸ਼ਨ ਕਾਨੂੰਨ 1994 ਲਾਗੂ ਕਰ ਚੁੱਕੀ ਹੈ ਅਤੇ ਮਨੁੱਖੀ ਅੰਗ ਅਤੇ ਟਿਸ਼ੂ ਟਰਾਂਸਪਲਾਂਟੇਸ਼ਨ ਨਿਯਮ-2014 ਨੂੰ ਨੋਟੀਫਾਈ ਕੀਤਾ ਹੈ। ਇਹ ਕਾਨੂੰਨ ਅਤੇ ਨਿਯਮ ਸਾਰੇ ਕੇਂਦਰੀ ਸਾਸ਼ਿਤ ਪ੍ਰਦੇਸ਼ਾਂ ਵਿੱਚ ਲਾਗੂ ਹਨ ਅਤੇ ਆਰਟੀਕਲ 252 (1) ਤਹਿਤ ਸਾਰੇ ਸੂੁਬਿਆਂ (ਆਂਧਰਾ ਪ੍ਰਦੇਸ਼, ਤਿਲੰਗਾਨਾ, ਉੱਤਰਾਖੰਡ, ਕਰਨਾਟਕ, ਮੇਘਾਲਿਆ ਅਤੇ ਤ੍ਰਿਪੁਰਾ ਨੂੰ ਛੱਡ ਕੇ) ਵੱਲੋਂ ਅਪਣਾਏ ਗਏ ਹਨ।

