ਬਿਊਰੋ, ਪ੍ਰਾਈਮ ਪੋਸਟ ਪੰਜਾਬ
ਤਰਨਤਾਰਨ : ਤਰਨਤਾਰਨ ਦੀ ਗੋਇੰਦਵਾਲ ਸਾਹਿਬ ਕੇਂਦਰੀ ਜੇਲ੍ਹ ‘ਚ ਹੋਈ ਗੈਂਗ ਵਾਰ ਦੀ ਗਾਜ ਡਿਪਟੀ ਜੇਲ੍ਹ ਸੁਪਰਡੈਂਟ ‘ਤੇ ਡਿੱਗ ਪਈ। ਡਿਪਟੀ ਜੇਲ੍ਹ ਸੁਪਰਡੈਂਟ ਹਰੀਸ਼ ਕੁਮਾਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਜੇਲ੍ਹ ਸੁਪਰਡੈਂਟ ਇਕਬਾਲ ਸਿੰਘ ਬਰਾੜ ਨੂੰ ਵੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਜੇਲ੍ਹ ਵਿੱਚ ਐਤਵਾਰ ਦੁਪਹਿਰ ਜੱਗੂ ਭਗਵਾਨਪੁਰੀਆ ਅਤੇ ਲਾਰੈਂਸ ਬਿਸ਼ਨੋਈ ਗੈਂਗ ਵਿਚਾਲੇ ਗੈਂਗ ਵਾਰ ਹੋਈ ਸੀ। ਇਸ ਗੈਂਗ ਵਾਰ ਵਿੱਚ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁਲਜ਼ਮ ਗੈਂਗਸਟਰ ਮਨਦੀਪ ਤੂਫਾਨ ਅਤੇ ਮਨਮੋਹਨ ਮੋਹਨਾ ਮਾਰੇ ਗਏ ਸਨ। ਮਾਮਲੇ ‘ਚ 11 ਗੈਂਗਸਟਰ ਜ਼ਖਮੀ ਹੋਏ ਹਨ।
ਅਤਿ-ਆਧੁਨਿਕ ਗੋਇੰਦਵਾਲ ਕੇਂਦਰੀ ਜੇਲ੍ਹ ਨੇ 15 ਮਹੀਨੇ ਪਹਿਲਾਂ ਸ਼ੁਰੂ ਹੋਈ ਸੀ। ਇਹ ਜੇਲ੍ਹ ਸ਼ੁਰੂ ਤੋਂ ਹੀ ਸੁਰਖੀਆਂ ਵਿੱਚ ਰਹੀ ਹੈ। ਜੇਲ੍ਹ ਵਿੱਚ ਗੈਂਗਸਟਰਾਂ ਦੇ ਆਪਸ ਵਿੱਚ ਭਿੜਨ ਦੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ। ਇਸ ਤੋਂ ਇਲਾਵਾ ਇਸ ਜੇਲ੍ਹ ਵਿੱਚ ਬੈਠੇ ਗੈਂਗਸਟਰਾਂ ਵੱਲੋਂ ਪਾਕਿਸਤਾਨ ਤੋਂ ਹਥਿਆਰ ਅਤੇ ਨਸ਼ੀਲੇ ਪਦਾਰਥ ਲਿਆਉਣ ਦੇ ਰੈਕੇਟ ਦਾ ਵੀ ਪਰਦਾਫਾਸ਼ ਹੋਇਆ ਹੈ ਪਰ ਇਸ ਦੇ ਬਾਵਜੂਦ ਵੀ ਜੇਲ੍ਹ ਪ੍ਰਸ਼ਾਸਨ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲੈ ਰਿਹਾ ਹੈ। ਇਸ ਦੇ ਨਾਲ ਹੀ ਗ੍ਰਹਿ ਵਿਭਾਗ ਨੇ ਐਤਵਾਰ ਨੂੰ ਦੋ ਗੈਂਗਸਟਰਾਂ ਦੀ ਮੌਤ ਦੀ ਰਿਪੋਰਟ ਤਲਬ ਕਰ ਲਈ ਹੈ। ਸੀਐਮ ਭਗਵੰਤ ਮਾਨ ਕੋਲ ਹੀ ਗ੍ਰਹਿ ਵਿਭਾਗ ਹੈ। ਅਜਿਹੇ ‘ਚ ਉਨ੍ਹਾਂ ਨੂੰ ਇਸ ਨਾਲ ਜੁੜੀ ਸਾਰੀ ਜਾਣਕਾਰੀ ਅਪਡੇਟ ਕੀਤੀ ਜਾ ਰਹੀ ਹੈ।
ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁੱਖ ਮੁਲਜ਼ਮਾਂ ਵਿੱਚੋਂ ਇੱਕ ਦੀਪਕ ਟੀਨੂੰ ਵੀ ਇਸ ਜੇਲ੍ਹ ਵਿੱਚ ਬੰਦ ਸੀ। ਜਨਵਰੀ ‘ਚ ਉਸ ਨੇ ਆਪਣੇ ਸਾਥੀਆਂ ਸਮੇਤ ਤਿੰਨ ਕੈਦੀਆਂ ‘ਤੇ ਲੋਹੇ ਦੀ ਰਾਡ ਨਾਲ ਹਮਲਾ ਕਰ ਦਿੱਤਾ ਸੀ। ਹਮਲੇ ਵਿੱਚ ਜ਼ਖ਼ਮੀ ਹੋਏ ਤਿੰਨੋਂ ਵਿਅਕਤੀਆਂ ਨੂੰ ਤਰਨਤਾਰਨ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ।
ਦਸੰਬਰ 2022 ‘ਚ ਤਰਨਤਾਰਨ ਦੇ ਸਾਹਰਾਲੀ ਥਾਣੇ ‘ਤੇ ਅੱਤਵਾਦੀ ਹਮਲਾ ਹੋਇਆ ਸੀ। ਪੁਲਿਸ ਨੇ ਉਸ ਸਮੇਂ ਇਸ ਮਾਮਲੇ ਵਿੱਚ ਕੁੱਲ 12 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਸੀ ਕਿ ਆਰਪੀਜੀ ਹਮਲੇ ਦੀ ਸਾਜ਼ਿਸ਼ ਗੋਇੰਦਵਾਲ ਸਾਹਿਬ ਜੇਲ੍ਹ ਤੋਂ ਹੀ ਮੁਲਜ਼ਮ ਅਜਮੀਤ ਸਿੰਘ ਨੇ ਰਚੀ ਸੀ। ਅਜ਼ਮੀਤ ਹਮਲੇ ਦੀ ਯੋਜਨਾ ਬਣਾਉਣ ਲਈ ਵਿਦੇਸ਼ਾਂ ਵਿੱਚ ਆਪਣੇ ਅਕਾਵਾਂ ਦੇ ਸੰਪਰਕ ਵਿੱਚ ਸੀ।
ਅਕਤੂਬਰ 2022 ਵਿੱਚ, ਸਪੈਸ਼ਲ ਟਾਸਕ ਫੋਰਸ (ਐਸਟੀਐਫ) ਨੇ ਇੱਕ ਸੀਨੀਅਰ ਜੇਲ੍ਹ ਅਧਿਕਾਰੀ ਨਾਲ ਮਿਲੀਭੁਗਤ ਨਾਲ ਜੇਲ੍ਹ ਦੇ ਅੰਦਰੋਂ ਕੰਮ ਕਰ ਰਹੇ ਗੈਂਗਸਟਰਾਂ ਦੇ ਇੱਕ ਗਠਜੋੜ ਦਾ ਪਰਦਾਫਾਸ਼ ਕੀਤਾ। ਐਸਟੀਐਫ ਨੇ ਕਿਹਾ ਸੀ ਕਿ ਗਿਰੋਹ ਦੇ ਮੈਂਬਰ ਜੇਲ੍ਹ ਤੋਂ ਸਰਹੱਦ ਪਾਰ ਤੋਂ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਲਈ ਕੰਮ ਕਰ ਰਹੇ ਸਨ। ਇੱਕ ਅਧਿਕਾਰੀ ਨੇ ਦੱਸਿਆ ਕਿ ਜੇਲ੍ਹਾਂ ਵਿੱਚ ਹਾਲਾਤ ਸੁਧਾਰਨ ਲਈ ਕੋਈ ਪੁਖਤਾ ਪ੍ਰਬੰਧ ਨਹੀਂ ਹਨ। ਸਟਾਫ਼ ਦੀ ਘਾਟ ਅਤੇ ਅਤਿ-ਆਧੁਨਿਕ ਜੈਮਰ ਲਗਾਉਣ ਲਈ ਸਰਕਾਰ ਨੂੰ ਪਹਿਲਾਂ ਹੀ ਲਿਖਿਆ ਜਾ ਚੁੱਕਾ ਹੈ।

