ਬਿਊਰੋ, ਪ੍ਰਾਈਮ ਪੋਸਟ ਪੰਜਾਬ
ਚੰਡੀਗੜ੍ਹ : ਪੰਜਾਬ ਵਿੱਚ ਲਗਾਤਾਰ ਵਧ ਰਹੀ ਗਰਮੀ ਨੇ ਕਿਸਾਨਾਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ। ਆਮ ਤੌਰ ‘ਤੇ ਫਰਵਰੀ ਦੇ ਮਹੀਨੇ ਤਾਪਮਾਨ ‘ਚ ਥੋੜ੍ਹਾ ਜਿਹਾ ਵਾਧਾ ਹੁੰਦਾ ਹੈ, ਜਿਸ ਦਾ ਕਣਕ ਦੀ ਫ਼ਸਲ ‘ਤੇ ਕੋਈ ਅਸਰ ਨਹੀਂ ਪੈਂਦਾ। ਹਾਲਾਂਕਿ ਇਸ ਸਾਲ ਸਰਦੀ ਦੇ ਮੌਸਮ ਦੌਰਾਨ ਵੀ ਤਾਪਮਾਨ ਵਿੱਚ ਬਹੁਤੀ ਗਿਰਾਵਟ ਨਾ ਆਉਣ ਅਤੇ ਮੀਂਹ ਨਾ ਪੈਣ ਕਾਰਨ ਕਣਕ ਦੇ ਦਾਣੇ ਦੇ ਆਕਾਰ ‘ਤੇ ਮਾੜਾ ਅਸਰ ਪੈਣ ਦੀ ਸੰਭਾਵਨਾ ਹੈ ।
ਸੂਬੇ ਦੇ ਜ਼ਿਆਦਾਤਰ ਕਣਕ ਉਤਪਾਦਕ ਕਿਸਾਨ ਇਨ੍ਹਾਂ ਦਿਨਾਂ ‘ਚ ਚਿੰਤਤ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਇਸ ਫ਼ਸਲ (ਕਣਕ) ਨੂੰ ਬਹੁਤੀ ਗਰਮੀ ਦੇ ਦਿਨਾਂ ਦੀ ਲੋੜ ਨਹੀਂ ਪੈਂਦੀ। ਜੇਕਰ ਤਾਪਮਾਨ ਕਈ ਦਿਨਾਂ ਤੱਕ ਆਮ ਨਾਲੋਂ ਉੱਪਰ ਰਹਿੰਦਾ ਹੈ ਤਾਂ ਇਸ ਦਾ ਕਣਕ ਦੀ ਫ਼ਸਲ ‘ਤੇ ਬੁਰਾ ਅਸਰ ਪੈ ਸਕਦਾ ਹੈ।
ਜ਼ਿਕਰਯੋਗ ਹੈ ਕਿ ਜਿੱਥੇ ਪੰਜਾਬ ਅਤੇ ਹਰਿਆਣਾ ਵਿੱਚ ਵੱਧ ਤੋਂ ਵੱਧ ਤਾਪਮਾਨ ਪਿਛਲੇ ਕਈ ਦਿਨਾਂ ਤੋਂ ਆਮ ਸੀਮਾ ਤੋਂ ਉੱਪਰ ਚੱਲ ਰਿਹਾ ਹੈ, ਉੱਥੇ ਹੀ ਘੱਟੋ-ਘੱਟ ਤਾਪਮਾਨ ਵਿੱਚ ਵੀ ਵਾਧਾ ਦਰਜ ਕੀਤਾ ਗਿਆ ਹੈ। ਹਾਲਾਂਕਿ ਪਿਛਲੇ ਦੋ-ਤਿੰਨ ਦਿਨਾਂ ਤੋਂ ਘੱਟੋ-ਘੱਟ ਤਾਪਮਾਨ ਆਮ ਦੇ ਨੇੜੇ ਹੀ ਰਿਹਾ। ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀਕਲਾਂ ਦਾ ਕਹਿਣਾ ਹੈ ਕਿ ‘ਅਚਾਨਕ ਤਾਪਮਾਨ ‘ਚ ਵਾਧਾ ਕਈ ਦਿਨਾਂ ਤੱਕ ਜਾਰੀ ਰਹਿਣ ਨਾਲ ਅਨਾਜ ਦੀ ਗੁਣਵੱਤਾ ਅਤੇ ਝਾੜ ਪ੍ਰਭਾਵਿਤ ਹੋ ਸਕਦਾ ਹੈ।’ ਉਨ੍ਹਾਂ ਇਹ ਵੀ ਕਿਹਾ ਕਿ ਚੰਗੀ ਗੱਲ ਇਹ ਹੈ ਕਿ ਪਿਛਲੇ ਕੁਝ ਦਿਨਾਂ ਦੌਰਾਨ ਘੱਟੋ-ਘੱਟ ਤਾਪਮਾਨ ਵਿੱਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਹੈ ਅਤੇ ਸਵੇਰ ਦਾ ਸਮਾਂ ਠੰਢਾ ਰਿਹਾ ਹੈ। ਫਿਰ ਵੀ, ਦੁਪਹਿਰ ਸਮੇਂ ਗਰਮ ਮੌਸਮ ਇਸ ਸਮੇਂ ਇੱਕ ਵੱਡੀ ਚਿੰਤਾ ਹੈ।
ਪੰਜਾਬ ਦੇ ਖੇਤੀਬਾੜੀ ਨਿਰਦੇਸ਼ਕ ਗੁਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਸਥਿਤੀ ਫਿਲਹਾਲ ਚਿੰਤਾਜਨਕ ਨਹੀਂ ਹੈ। ਕਿਸਾਨਾਂ ਨੂੰ ਲੋੜ ਅਨੁਸਾਰ ਹਲਕੀ ਸਿੰਚਾਈ ਕਰਨ ਦੀ ਸਲਾਹ ਦਿੱਤੀ ਗਈ ਹੈ। ਜਿਨ੍ਹਾਂ ਕਿਸਾਨਾਂ ਕੋਲ ਸਪ੍ਰਿੰਕਲਰ ਸਿੰਚਾਈ ਦੀ ਸਹੂਲਤ ਹੈ, ਉਹ ਤਾਪਮਾਨ ਵਿਚ ਹੋਰ ਵਾਧਾ ਹੋਣ ਦੀ ਸਥਿਤੀ ਵਿਚ ਦੁਪਹਿਰ ਨੂੰ 25-30 ਮਿੰਟਾਂ ਲਈ ਸਪ੍ਰਿੰਕਲਰ ਨਾਲ ਆਪਣੇ ਖੇਤ ਦੀ ਸਿੰਚਾਈ ਕਰ ਸਕਦੇ ਹਨ। ਜਿਨ੍ਹਾਂ ਕਿਸਾਨਾਂ ਨੇ ਮਲਚਿੰਗ ਵਿਧੀ ਨਾਲ ਕਣਕ ਦੀ ਬਿਜਾਈ ਕੀਤੀ ਹੈ, ਉਨ੍ਹਾਂ ‘ਤੇ ਤਾਪਮਾਨ ਵਧਣ ਦਾ ਬਹੁਤਾ ਅਸਰ ਨਹੀਂ ਪਵੇਗਾ।
ਹਰਿਆਣਾ ਦੇ ਖੇਤੀਬਾੜੀ ਮੰਤਰੀ ਜੇਪੀ ਦਲਾਲ ਦਾ ਕਹਿਣਾ ਹੈ ਕਿ ਸਥਿਤੀ ਫਿਲਹਾਲ ਚਿੰਤਾਜਨਕ ਨਹੀਂ ਹੈ, ਹਾਲਾਂਕਿ ਕਿਸਾਨਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਮਾਰਚ ਦੇ ਅੱਧ ਵਿੱਚ ਵੱਧ ਤੋਂ ਵੱਧ ਤਾਪਮਾਨ ਵਧਣ ਦੀ ਸਥਿਤੀ ਵਿੱਚ ਹਲਕੇ ਸਿੰਚਾਈ ਵਰਗੇ ਉਪਾਅ ਕਰਨ ਲਈ ਤਿਆਰ ਰਹਿਣ।
ਪੰਜਾਬ ਵਿੱਚ 2022 ਵਿੱਚ ਮਾਰਚ ਮਹੀਨੇ ਵਿੱਚ ਅਸਾਧਾਰਨ ਗਰਮ ਮੌਸਮ ਕਾਰਨ ਕਣਕ ਦੀ ਪੈਦਾਵਾਰ ਵਿੱਚ ਕਮੀ ਆਈ ਸੀ। ਪਿਛਲੇ ਸਾਲ ਜਨਵਰੀ ‘ਚ ਬਾਰਿਸ਼ ਹੋਈ ਪਰ ਬਾਅਦ ‘ਚ ਫਰਵਰੀ ਅਤੇ ਮਾਰਚ ‘ਚ ਤਾਪਮਾਨ ਵਧ ਗਿਆ। ਜੇਕਰ ਦਾਣੇ ਬਣਨ ਦੇ ਪੜਾਅ ‘ਤੇ ਕਈ ਦਿਨਾਂ ਤੱਕ ਮੌਸਮ ਬਹੁਤ ਗਰਮ ਰਹਿੰਦਾ ਹੈ, ਤਾਂ ਇਸ ਨਾਲ ਦਾਣੇ ਸੁੰਗੜ ਜਾਂਦੇ ਹਨ ਅਤੇ ਫ਼ਸਲ ਦੀ ਗੁਣਵੱਤਾ ਪ੍ਰਭਾਵਿਤ ਹੁੰਦੀ ਹੈ। ਖੇਤੀਬਾੜੀ ਵਿਭਾਗ ਅਨੁਸਾਰ ਪਿਛਲੇ ਸਾਲ ਪੰਜਾਬ ਵਿੱਚ 148 ਮਿਲੀਅਨ ਟਨ ਕਣਕ ਦੀ ਪੈਦਾਵਾਰ ਹੋਈ ਸੀ ਜੋ ਕਿ ਉਸਤੋਂ ਪਿਛਲੇ ਸਾਲ ਨਾਲੋਂ 14 ਫੀਸਦੀ ਘੱਟ ਹੈ। ਇਸ ਸਾਲ 34.90 ਲੱਖ ਹੈਕਟੇਅਰ ਖੇਤਰ ਵਿੱਚ 167-170 ਲੱਖ ਟਨ ਕਣਕ ਉਤਪਾਦਨ ਦਾ ਟੀਚਾ ਮਿੱਥਿਆ ਗਿਆ ਹੈ।

