ਪ੍ਰਾਇਮਰੀ ਪੱਧਰ ‘ਤੇ ਰਾਸ਼ਟਰੀ ਪਿਰਤ ਦੀ ਵੱਡੀ ਪਹਿਲਕਦਮੀ- ਰਾਜੇਸ਼ ਬੁਢਲਾਡਾ
ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਮਾਨਸਾ, 24 ਫਰਵਰੀ 2023 : ਵਿਸ਼ਵ ਦੀ ਸਭ ਤੋਂ ਵੱਡੀ ਨੌਜਵਾਨ ਲਹਿਰ ਭਾਰਤ ਸਕਾਊਂਟ ਐਂਡ ਗਾਈਡ ਦੇ ਹੋਏ ਕੌਮੀ ਪੱਧਰੀ ਕਬ ਬੁਲਬੁਲ ਉਤਸਵ ‘ਚ ਪੰਜਾਬ ਦੇ ਕਬ ਸੈਕਸ਼ਨ ਦੀ ਨੁਮਾਇੰਦਗੀ ਕਰਦਿਆਂ ਮਾਨਸਾ ਜ਼ਿਲ੍ਹੇ ਦੇ ਬੱਚਿਆਂ ਅਤੇ ਅਧਿਆਪਕਾਂ ਨੇ ਸਕਾਊਂਟ ਦੇ ਜ਼ਰੀਏ ਦੁਨੀਆਂ ਭਰ ਨੂੰ ਸੰਦੇਸ਼ ਦਿੱਤਾ ਕਿ ਉਹ ਹਰ ਵੱਡੀ ਤੋਂ ਵੱਡੀ ਚੁਣੌਤੀ ਲਈ ਤਿਆਰ-ਬਰ-ਤਿਆਰ ਹਨ।

ਇਹ ਜਾਣਕਾਰੀ ਦਿੰਦਿਆਂ ਭਾਰਤ ਸਕਾਊਂਟ ਐਂਡ ਗਾਈਡ ਪੰਜਾਬ ਦੇ ਕਬ ਮਾਸਟਰ ਰਾਜੇਸ਼ ਕੁਮਾਰ ਬੁਢਲਾਡਾ ਨੇ ਦੱਸਿਆ ਕਿ ਭਾਰਤ ਸਕਾਊਂਟ ਐਂਡ ਗਾਈਡ ਦੇ ਕੌਮੀ ਯੂਥ ਕੰਪਲੈਕਸ ਗਦਪੁਰੀ ਹਰਿਆਣਾ ਵਿਖੇ 19 ਫਰਵਰੀ ਤੋਂ 23 ਫਰਵਰੀ ਤੱਕ ਹੋਏ ਪੰਜ ਰੋਜ਼ਾਂ ਰਿਹਾਇਸ਼ੀ ਉਤਸਵ ਦੌਰਾਨ ਭਾਰਤ ਦੇ ਹਰ ਰਾਜ ਤੋਂ ਸਕਾਊਂਟ ਦੀ ਵਿਸ਼ੇਸ਼ ਵਰਦੀ ਅਤੇ ਹਰ ਪ੍ਰਾਂਤ ਦੇ ਵੱਖੋ-ਵੱਖਰੇ ਪਹਿਰਾਵੇ ਦੀ ਵਰਦੀ ਦੌਰਾਨ ਆਏ ਨੰਨ੍ਹੇ ਮੁੰਨੇ ਬੱਚਿਆਂ ਨੇ ਕਮਾਲ ਦੀ ਪੇਸ਼ਕਾਰੀ ਕਰ ਕੇ ਸਾਬਿਤ ਕੀਤਾ ਕਿ ਉਹ ਨਿਵੇਕਲਾ ਅਤੇ ਖੁਸ਼ਹਾਲ ਭਾਰਤ ਸਿਰਜਣ ਲਈ ਆਪਣਾ ਅਹਿਮ ਰੋਲ ਅਦਾ ਕਰਨਗੇ।
ਉਨ੍ਹਾਂ ਕਿਹਾ ਕਿ ਮਾਨਸਾ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ ਭੁਪਿੰਦਰ ਕੌਰ ਦੀ ਰਹਿਨੁਮਾਈ ਹੇਠ ਸਰਕਾਰੀ ਪ੍ਰਾਇਮਰੀ ਸਕੂਲ ਦੋਦੜਾ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਕਿਸ਼ਨਗੜ੍ਹ ਮੇਨ ਦੇ ਬੱਚਿਆਂ ਨੇ ਕਬ ਮਾਸਟਰ ਰਾਜੇਸ਼ ਕੁਮਾਰ ਬੁਢਲਾਡਾ ਅਤੇ ਕਬ ਮਾਸਟਰ ਮਹਿੰਦਰ ਪਾਲ ਬਰੇਟਾ ਦੀ ਅਗਵਾਈ ਹੇਠ ਭਾਗ ਲਿਆ। ਇੱਥੇ ਇਹ ਵੀ ਵਰਣਨਯੋਗ ਹੈ ਕਿ ਇਨ੍ਹਾਂ ਹੋਣਹਾਰ ਬੱਚਿਆਂ ਨੇ ਪਹਿਲਾਂ ਵੀ ਮਾਨਸਾ ਜ਼ਿਲ੍ਹੇ ਅੰਦਰ ਸਕਾਊਂਟਿੰਗ ਲਹਿਰ ਦੇ ਜ਼ਰੀਏ ਹਰ ਵਿਸ਼ੇਸ਼ ਦਿਨ ਤੇ ਵਿਲੱਖਣ ਕਾਰਜ਼ ਕਰ ਕੇ ਆਪਣਾ ਨਾਮ ਪੰਜਾਬ ਭਰ ‘ਚ ਚਮਕਾਇਆ ਹੈ।।

ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਪ੍ਰਾਇਮਰੀ) ਗੁਰਲਾਭ ਸਿੰਘ ਅਤੇ ਬੀਪੀਈਓ ਅਮਨਦੀਪ ਸਿੰਘ ਦੀ ਹੱਲਾਸ਼ੇਰੀ ਸਦਕਾ ਦੋਦੜਾ ਸਕੂਲ ਦੇ ਮੁਖੀ ਸੰਦੀਪ ਕੁਮਾਰ ਅਤੇ ਕਿਸ਼ਨਗੜ੍ਹ ਸਕੂਲ ਦੇ ਮੁਖੀ ਨਾਇਬ ਸਿੰਘ ਆਪਣਾ ਹਰ ਤਰ੍ਹਾਂ ਨਾਲ ਇਸ ਲਹਿਰ ਵਿੱਚ ਯੋਗਦਾਨ ਪਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਉਤਸਵ ਦੌਰਾਨ ਜ਼ਿਲ੍ਹਾ ਟ੍ਰੇਨਿੰਗ ਕਮਿਸ਼ਨਰ ਫਿਰੋਜ਼ਪੁਰ ਚਰਨਜੀਤ ਸਿੰਘ ਨੇ ਪੰਜਾਬ ਦੇ ਗੋਲਡਨ ਐਰੋ ਬੱਚਿਆਂ ਅਤੇ ਦੂਜੇ ਸੈਕਸ਼ਨ ਦੀ ਬਾਖੂਬੀ ਅਗਵਾਈ ਕੀਤੀ।

ਉਨ੍ਹਾਂ ਦੱਸਿਆ ਕਿ ਪੰਜਾਬ ਭਰ ਅੰਦਰ ਸਕਾਊਂਟਿੰਗ ਦੀ ਇਹ ਲਹਿਰ ਸਟੇਟ ਆਰਗੇਨਾਈਜੇਸ਼ਨ ਕਮਿਸ਼ਨਰ ਉਂਕਾਰ ਸਿੰਘ ਦੀ ਰਹਿਨੁਮਾਈ ਹੇਠ ਚੱਲਦੀ ਹੈ। ਸਟੇਟ ਟ੍ਰੇਨਿੰਗ ਕਮਿਸ਼ਨਰ ਹੇਮੰਤ ਕੁਮਾਰ ਅਤੇ ਜੁਆਇੰਟ ਐਸ ਓ ਸੀ ਦਰਸ਼ਨ ਸਿੰਘ ਇਸ ਵਿੱਚ ਆਪਣੀ ਮਹੱਤਵਪੂਰਨ ਭੂਮਿਕਾ ਅਦਾ ਕਰ ਰਹੇ ਹਨ। ਮਾਨਸਾ ਵਿੱਚ ਜ਼ਿਲ੍ਹਾ ਆਰਗੇਨਾਈਜੇਸ਼ਨ ਕਮਿਸ਼ਨਰ ਦਰਸ਼ਨ ਸਿੰਘ ਬਰੇਟਾ ਦੀ ਵਿਸ਼ੇਸ਼ ਹੱਲਾਸ਼ੇਰੀ ਤੇ ਅਗਵਾਈ ਰਹਿੰਦੀ ਹੈ, ਜੋ ਕਿ ਸਟੇਟ ਵਿੱਚ ਵੀ ਆਪਣਾ ਅਹਿਮ ਰੋਲ ਅਦਾ ਕਰ ਰਹੇ ਹਨ।

ਇਸ ਕੌਮੀ ਪੱਧਰੀ ਉਤਸਵ ਦੌਰਾਨ ਦੋਦੜਾ ਸਕੂਲ ਦੇ ਰੁਪਿੰਦਰਜੋਤ ਸਿੰਘ, ਮਨਜੋਤ ਸਿੰਘ ਤੇ ਜੈਂਕ ਸਿੰਘ ਤੋਂ ਇਲਾਵਾ ਕਿਸ਼ਨਗੜ੍ਹ ਸਕੂਲ ਦੇ ਦਵਿੰਦਰ ਸ਼ਰਮਾਂ, ਰਵਕੀਰਤ ਸਿੰਘ ਅਤੇ ਗੁਰਲੀਨ ਸਿੰਘ ਵਿਦਿਆਰਥੀਆਂ ਨੇ ਭਾਗ ਲਿਆ।