ਬਿਊਰੋ, ਪ੍ਰਾਈਮ ਪੋਸਟ ਪੰਜਾਬ
ਚੰਡੀਗੜ੍ਹ : ਚੰਡੀਗੜ੍ਹ ਪੁਲਿਸ ਦੇ ਆਪਰੇਸ਼ਨ ਸੈੱਲ ਨੇ ਬੰਬੀਹਾ ਗੈਂਗ ਦੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਮੁਹਾਲੀ ਵਿੱਚ ਗੈਂਗਸਟਰ ਬਲਜੀਤ ਚੌਧਰੀ ਨੂੰ ਮਾਰਨ ਜਾ ਰਹੇ ਸਨ। ਆਪਰੇਸ਼ਨ ਸੈੱਲ ਨੇ ਦੋਵਾਂ ਨੂੰ ਬੁੱਧਵਾਰ ਰਾਤ ਕਰੀਬ 11 ਵਜੇ ਸੈਕਟਰ-37/ਸੀ ਮਾਰਕੀਟ ਨੇੜੇ ਕਾਬੂ ਕੀਤਾ। ਮੁਲਜ਼ਮਾਂ ਦੀ ਪਛਾਣ ਸ਼ਿਵਮ ਚੌਹਾਨ (32) ਵਾਸੀ ਮੁਹਾਲੀ ਅਤੇ ਵਿਕਾਸ ਮਾਨ (25) ਵਾਸੀ ਕਰਨਾਲ ਵਜੋਂ ਹੋਈ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ .32 ਬੋਰ ਦੇ ਦੋ ਪਿਸਤੌਲ ਅਤੇ 7 ਕਾਰਤੂਸ ਬਰਾਮਦ ਕੀਤੇ ਹਨ।
ਦੱਸ ਦੇਈਏ ਕਿ ਬੰਬੀਹਾ ਗੈਂਗ ਦਾ ਸਰਗਨਾ ਗੈਂਗਸਟਰ ਲੱਕੀ ਪਟਿਆਲ ਅਰਮੇਨੀਆ ਵਿੱਚ ਹੈ ਅਤੇ ਉਥੋਂ ਹੀ ਗੈਂਗ ਨੂੰ ਚਲਾ ਰਿਹਾ ਹੈ। ਉਸ ਦਾ ਚੰਡੀਗੜ੍ਹ ਦੇ ਖੁੱਡਾ ਲਾਹੌਰ ਵਿੱਚ ਇੱਕ ਘਰ ਹੈ ਜਿੱਥੇ NIA ਨੇ ਮੰਗਲਵਾਰ ਨੂੰ ਛਾਪਾ ਮਾਰਿਆ ਸੀ। ਪੁਲਿਸ ਮੁਤਾਬਕ ਪੁੱਛਗਿੱਛ ਦੌਰਾਨ ਫੜੇ ਗਏ ਦੋਵੇਂ ਮੁਲਜ਼ਮਾਂ ਨੇ ਦੱਸਿਆ ਕਿ ਸ਼ਿਵਮ ਚੌਹਾਨ ਅਤੇ ਬਲਜੀਤ ਚੌਧਰੀ ਦੋਵੇਂ ਚੰਗੇ ਦੋਸਤ ਸਨ। ਦੋਵੇਂ ਇੱਕ ਰੈਸਟੋਰੈਂਟ ਚਲਾਉਂਦੇ ਸਨ। ਕੁਝ ਦਿਨਾਂ ਬਾਅਦ ਕਿਸੇ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਲੜਾਈ ਹੋ ਗਈ। ਇਸੇ ਦੁਸ਼ਮਣੀ ਕਾਰਨ ਸ਼ਿਵਮ ਨੇ ਵਿਕਾਸ ਨਾਲ ਮਿਲ ਕੇ ਬਲਜੀਤ ਨੂੰ ਮਾਰਨ ਦੀ ਯੋਜਨਾ ਬਣਾਈ।
ਦੋਵੇਂ ਬਲਜੀਤ ਚੌਧਰੀ ਨੂੰ ਮਾਰਨ ਲਈ ਮੁਹਾਲੀ ਜਾ ਰਹੇ ਸਨ। ਚੰਡੀਗੜ੍ਹ ਪੁਲੀਸ ਨੂੰ ਇਸ ਬਾਰੇ ਜਾਣਕਾਰੀ ਮਿਲੀ। ਸੂਚਨਾ ਦੇ ਆਧਾਰ ‘ਤੇ ਪੁਲਿਸ ਨੇ ਸੈਕਟਰ-37 ਸੀ ‘ਚ ਨਾਕਾ ਲਗਾ ਕੇ ਜਾਂਚ ਸ਼ੁਰੂ ਕੀਤੀ ਤਾਂ ਮੋਹਾਲੀ ਨੰਬਰ ਦੀ ਇਕ ਚਿੱਟੇ ਰੰਗ ਦੀ ਸਕਾਰਪੀਓ ਨੂੰ ਰੋਕਿਆ ਗਿਆ। ਮੁਲਜ਼ਮਾਂ ਨੇ ਪੁਲਿਸ ਨੂੰ ਦੇਖ ਕੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲੀਸ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ। ਦੋਵਾਂ ਖ਼ਿਲਾਫ਼ ਬੁੱਧਵਾਰ ਨੂੰ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਮੁਹਾਲੀ ਵੱਲੋਂ ਆਰਮਜ਼ ਐਕਟ ਅਤੇ ਅਪਰਾਧਿਕ ਸਾਜ਼ਿਸ਼ ਸਮੇਤ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ।
ਸ਼ਿਵਮ ਖ਼ਿਲਾਫ਼ ਛੇ ਅਤੇ ਵਿਕਾਸ ਖ਼ਿਲਾਫ਼ ਤਿੰਨ ਕੇਸ ਦਰਜ ਹਨ
ਪੁਲਿਸ ਅਨੁਸਾਰ ਸ਼ਿਵਮ ਚੌਹਾਨ ਖ਼ਿਲਾਫ਼ ਪੰਜਾਬ ਵਿੱਚ ਛੇ ਕੇਸ ਦਰਜ ਹਨ। ਸਾਲ 2017 ਵਿੱਚ ਮੁੱਲਾਂਪੁਰ ਵਿੱਚ ਪਹਿਲੀ ਵਾਰ ਸ਼ਿਵਮ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਦਾ ਕੇਸ ਦਰਜ ਹੋਇਆ ਸੀ। ਇਸ ਤੋਂ ਬਾਅਦ ਕਤਲ ਦੀ ਕੋਸ਼ਿਸ਼, ਫਿਰੌਤੀ, ਐਨਡੀਪੀਐਸ, ਆਰਮਜ਼ ਐਕਟ ਸਮੇਤ ਛੇ ਅਪਰਾਧਿਕ ਮਾਮਲੇ ਦਰਜ ਕੀਤੇ ਗਏ ਸਨ। ਇਸ ਦੇ ਨਾਲ ਹੀ ਵਿਕਾਸ ਮਾਨ ਖ਼ਿਲਾਫ਼ ਪੰਜਾਬ ਅਤੇ ਹਰਿਆਣਾ ਵਿੱਚ ਤਿੰਨ ਕੇਸ ਦਰਜ ਹਨ, ਜਿਨ੍ਹਾਂ ਵਿੱਚ ਡਕੈਤੀ, ਲੁੱਟ-ਖੋਹ, ਜਬਰੀ ਵਸੂਲੀ, ਕੁੱਟਮਾਰ, ਅਸਲਾ ਐਕਟ ਸਮੇਤ ਹੋਰ ਅਪਰਾਧਿਕ ਮਾਮਲੇ ਦਰਜ ਹਨ।
ਇੱਕ MBA ਹੈ ਅਤੇ ਦੂਜੇ ਨੇ ਕਾਨੂੰਨ ਦੀ ਪੜ੍ਹਾਈ ਕੀਤੀ ਹੈ
ਐਸਪੀ ਕੇਤਨ ਬਾਂਸਲ ਨੇ ਦੱਸਿਆ ਕਿ ਫੜੇ ਗਏ ਦੋਵੇਂ ਮੁਲਜ਼ਮ ਉੱਚ ਸਿੱਖਿਆ ਹਾਸਲ ਕਰ ਚੁੱਕੇ ਹਨ। ਸ਼ਿਵਮ ਚੌਹਾਨ ਇੱਕ MBA ਹੈ ਅਤੇ ਕਾਊਂਸਲਿੰਗ ਤੇ ਕੰਸਲਟੇਸ਼ਨ ਦਾ ਕਾਰੋਬਾਰ ਕਰਦਾ ਹੈ। ਜਦੋਂ ਕਿ ਵਿਕਾਸ ਮਾਨ ਬੀਏ ਐਲਐਲਬੀ ਹੈ ਅਤੇ ਉਹ ਇੱਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦਾ ਹੈ।

