ਬਿਊਰੋ, ਪ੍ਰਾਈਮ ਪੋਸਟ ਪੰਜਾਬ
ਨਵੀਂ ਦਿੱਲੀ : ਦੂਜੇ ਦੇਸ਼ਾਂ ’ਚ ਹੁਨਰਮੰਦ ਮੁਲਾਜ਼ਮਾਂ ਦੀ ਵਧਦੀ ਮੰਗ ਨੂੰ ਦੇਖਦੇ ਹੋਏ ਭਾਰਤ ਨੇ ਉਥੇ ਆਪਣੇ ਨੌਜਵਾਨਾਂ ਲਈ ਰੋਜ਼ਗਾਰ ਦੀ ਜ਼ਮੀਨ ਤਲਾਸ਼ਣੀ ਸ਼ੁਰੂ ਕਰ ਦਿੱਤੀ ਹੈ। ਅਜਿਹੀਆਂ ਸੰਭਾਵਨਾਵਾਂ ਵਾਲੇ 16 ਦੇਸ਼ਾਂ ’ਤੇ ਨਜ਼ਰ ਰੱਖ ਕੇ ਚੱਲ ਰਹੇ ਹੁਨਰ ਵਿਕਾਸ ਤੇ ਉੱਦਮਤਾ ਮੰਤਰਾਲੇ ਨੇ ਹਾਲ ਹੀ ਵਿਚ ਜਰਮਨੀ ਦੇ ਨਾਲ ਐੱਮਓਯੂ ਕੀਤਾ ਹੈ। ਇੰਡੋ-ਜਰਮਨ ਵੋਕੇਸ਼ਨਲ ਐਜੂਕੇਸ਼ਨ ਐਂਡ ਟ੍ਰੇਨਿੰਗ ਪ੍ਰੋਗਰਾਮ ਦੇ ਤਹਿਤ ਤੈਅ ਹੋਇਆ ਹੈ ਕਿ ਭਾਰਤੀ ਨੌਜਵਾਨਾਂ ਨੂੰ ਜਰਮਨੀ ਦੀ ਲੋੜ ਦੇ ਹਿਸਾਬ ਨਾਲ ਸਿਖਲਾਈ ਦੇਣ ‘ਬਿ੍ਰਜ ਕੋਰਸ’ ਬਣਾਇਆ ਜਾਵੇਗਾ।
ਨੈਸ਼ਨਲ ਸਕਿੱਲ ਡੈਵਲਪਮੈਂਟ ਕੌਂਸਲ ਵੱਲੋਂ ਕਰਾਏ ਗਏ ਇਕ ਅਧਿਐਨ ’ਚ ਤੱਥ ਸਾਹਮਣੇ ਆਇਆ ਕਿ 2027 ਤਕ 16 ਦੇਸ਼ਾਂ ’ਚ ਹੁਨਰਮੰਦ ਕਾਰੀਗਰਾਂ ਦਾ ਸੰਕਟ ਵਧਣ ਜਾ ਰਿਹਾ ਹੈ। ਇਸ ਵਿਚ ਵੀ ਜਰਮਨੀ ਦੇ ਸਾਹਮਣੇ ਇਹ ਚੁਣੌਤੀ ਸਭ ਤੋਂ ਵੱਡੀ ਹੋਵੇਗੀ। ਸਾਲ 2021 ’ਚ ਜਰਮਨੀ ਦਾ ਨੀਲਾ ਕਾਰਡ ਪ੍ਰਾਪਤ ਕਰਨ ਵਾਲਿਆਂ ’ਚ ਇਕ ਤਿਹਾਈ ਭਾਰਤੀ ਵੀ ਸਨ। ਉਥੇ ਭਾਰਤੀ ਨੌਜਵਾਨਾਂ ਲਈ ਰੋਜ਼ਗਾਰ ਦੇ ਵਧਦੇ ਮੌਕਿਆਂ ਨੂੰ ਧਿਆਨ ’ਚ ਰੱਖਦੇ ਹੋਏ, ਇੰਡੋ-ਜਰਮਨ ਵੋਕੇਸ਼ਨਲ ਐਜੂਕੇਸ਼ਨ ਟਰੇਨਿੰਗ ਲਈ ਇੱਕ ਐੱਮਓਯੂ ਕੀਤਾ ਗਿਆ ਹੈ। ਇਸ ਨੂੰ ਜ਼ਮੀਨੀ ਪੱਧਰ ’ਤੇ ਲਿਆਉਣ ਲਈ ਹਾਲ ਹੀ ’ਚ ਨਵੀਂ ਦਿੱਲੀ ’ਚ ਭਾਰਤ-ਜਰਮਨ ਜੁਆਇੰਟ ਵਰਕਿੰਗ ਗਰੁੱਪ ਦੀ ਮੀਟਿੰਗ ਹੋਈ। ਇਸ ’ਚ ਹੁਨਰ ਵਿਕਾਸ ਅਤੇ ਉੱਦਮਤਾ ਮੰਤਰਾਲੇ ਦੇ ਸੰਯੁਕਤ ਸਕੱਤਰ ਡਾ. ਕੇਕੇ ਦਿਵੇਦੀ ਅਤੇ ਜਰਮਨੀ ਦੇ ਅਧਿਕਾਰੀਆਂ ਵਿਚਕਾਰ ਰੁਜ਼ਗਾਰ ਪ੍ਰਦਾਤਾਵਾਂ ਨਾਲ ਸ਼ਮੂਲੀਅਤ ਲਈ ਇਕ ਢਾਂਚਾ ਤਿਆਰ ਕਰਨ ’ਤੇ ਡੂੰਘਾਈ ਨਾਲ ਵਿਚਾਰ ਵਟਾਂਦਰਾ ਹੋਇਆ, ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕਿਹੜੇ ਖੇਤਰਾਂ ਨਾਲ ਸਬੰਧਤ ਹੁਨਰ ਸਿਖਲਾਈ ਦਿੱਤੀ ਜਾਣੀ ਹੈ। ਦੋਵਾਂ ਦੇਸ਼ਾਂ ’ਚ ਲੋੜ ਅਨੁਸਾਰ ਅਜਿਹੇ ਟਰੇਨਰ ਤਿਆਰ ਕਰਨੇ ਪੈਣਗੇ, ਜੋ ਅੰਤਰਰਾਸ਼ਟਰੀ ਮਿਆਰਾਂ ਦੀ ਸਿਖਲਾਈ ਦੇ ਸਕਣ। ਮੰਤਰਾਲੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਵੋਕੇਸ਼ਨਲ ਸਿੱਖਿਆ ਸਿਖਲਾਈ ਲਈ ਇਕ ਮਿਆਰੀ ਵਿਧੀ ਤਿਆਰ ਕੀਤੀ ਜਾਵੇਗੀ। ਹੁਨਰ ਮੈਪਿੰਗ ਦੁਆਰਾ ਹੁਨਰ ਦੇ ਅੰਤਰ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ। ਜਰਮਨੀ ’ਚ ਤਰਜੀਹੀ ਖੇਤਰਾਂ ਦੀ ਪਛਾਣ ਕੀਤੀ ਜਾ ਰਹੀ ਹੈ। ਉਸ ਦੇ ਆਧਾਰ ’ਤੇ ਬ੍ਰਿਜ ਕੋਰਸ ਅਤੇ ਹੋਰ ਸਿਖਲਾਈ ਪ੍ਰੋਗਰਾਮ ਤੈਅ ਕੀਤੇ ਜਾਣਗੇ। ਨੌਜਵਾਨਾਂ ਨੂੰ ਜਰਮਨ ਭਾਸ਼ਾ ਦੀ ਸਿਖਲਾਈ ਵੀ ਦਿੱਤੀ ਜਾਵੇਗੀ ਤਾਂ ਜੋ ਉਹ ਉੱਥੇ ਕੰਮ ਕਰਨ ’ਚ ਆਰਾਮਦਾਇਕ ਹੋਣ। ਹੁਨਰਮੰਦ ਕਾਮਿਆਂ ਦੀ ਮੰਗ ਵਧ ਰਹੀ ਹੈ, ਖਾਸ ਕਰਕੇ ਉਸਾਰੀ ਖੇਤਰ, ਸਿਹਤ ਸੰਭਾਲ, ਥੋਕ ਅਤੇ ਪ੍ਰਚੂਨ ਖੇਤਰਾਂ, ਵਿਗਿਆਨ ਅਤੇ ਸੂਚਨਾ ਤਕਨਾਲੋਜੀ ’ਚ।