ਬਿਊਰੋ, ਪ੍ਰਾਈਮ ਪੋਸਟ ਪੰਜਾਬ
ਲੁਧਿਆਣਾ, 6 ਨਵੰਬਰ 2022 : ਲੁਧਿਆਣਾ ਵਿੱਚ ਸੀਆਈਏ ਸਟਾਫ਼ ਨੇ ਨਸ਼ਾ ਤਸਕਰਾਂ ‘ਤੇ ਛਾਪੇਮਾਰੀ ਕੀਤੀ। ਪੁਲਿਸ ਨੇ ਸ਼ਹਿਰ ਦੀਆਂ ਨਾਮੀ ਪਾਨ ਦੀਆਂ ਦੁਕਾਨਾਂ ‘ਤੇ ਛਾਪੇਮਾਰੀ ਕੀਤੀ। ਪੁਲਿਸ ਦੀ ਛਾਪੇਮਾਰੀ ਦੌਰਾਨ ਕਈ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਕੁਝ ਪੌਸ਼ ਇਲਾਕਿਆਂ ‘ਚ ਨਾਬਾਲਗਾਂ ਨੂੰ ਨਸ਼ਾ ਕਰਵਾਇਆ ਜਾ ਰਿਹਾ ਹੈ।
ਪੁਲਿਸ ਕਮਿਸ਼ਨਰ ਕੌਸਤੁਭ ਸ਼ਰਮਾ ਦੀਆਂ ਹਦਾਇਤਾਂ ’ਤੇ ਸੀਆਈਏ-1 ਅਤੇ ਸੀਆਈਏ-2 ਨੇ ਕਰੀਬ 10 ਤੋਂ 15 ਥਾਵਾਂ ’ਤੇ ਛਾਪੇਮਾਰੀ ਕੀਤੀ। ਸੂਤਰਾਂ ਅਨੁਸਾਰ ਸੀਆਈਏ-1 ਅਤੇ ਸੀਆਈਏ-2 ਦੇ ਇੰਚਾਰਜ ਰਾਜੇਸ਼ ਸ਼ਰਮਾ ਅਤੇ ਬੇਅੰਤ ਜੁਨੇਜਾ ਨੇ ਸਾਂਝੇ ਤੌਰ ’ਤੇ 3 ਤੋਂ 4 ਟੀਮਾਂ ਬਣਾ ਕੇ ਛਾਪੇਮਾਰੀ ਕੀਤੀ। ਦੇਰ ਸ਼ਾਮ ਮਲਹਾਰ ਰੋਡ, ਸਾਊਥ ਸਿਟੀ, 32 ਸੈਕਟਰ, ਗੋਲ ਮਾਰਕੀਟ, ਸ਼ਿੰਗਾਰ ਰੋਡ, ਹੰਬੜਾ ਰੋਡ ਆਦਿ ‘ਤੇ ਛਾਪੇਮਾਰੀ ਕੀਤੀ ਗਈ | ਪਾਨ ਪਾਰਲਰਾਂ ਦੇ ਬਾਹਰ ਪੁਲਿਸ ਦੀਆਂ ਗੱਡੀਆਂ ਨੂੰ ਦੇਖ ਕੇ ਕਈ ਨੌਜਵਾਨ ਭੱਜ ਗਏ।ਤਲਾਸ਼ੀ ਦੌਰਾਨ ਪੁਲਿਸ ਨੇ ਹੁੱਕੇ, ਕਾਗਜ਼ੀ ਸਿਗਰਟ, ਨਸ਼ੀਲੇ ਪਦਾਰਥ, ਵਿਦੇਸ਼ੀ ਫਲੇਵਰ ਅਤੇ ਹੋਰ ਕਈ ਨਸ਼ੀਲੇ ਪਦਾਰਥ ਬਰਾਮਦ ਕੀਤੇ। ਦੱਸ ਦੇਈਏ ਕਿ ਇਨ੍ਹਾਂ ਦੁਕਾਨਾਂ ਤੋਂ ਕਈ ਨੌਜਵਾਨ ਮਹਿੰਗੇ ਭਾਅ ਹੁੱਕਾ ਖਰੀਦ ਕੇ ਲੈ ਜਾਂਦੇ ਹਨ। ਸ਼ਾਮ ਨੂੰ ਇਨ੍ਹਾਂ ਦੁਕਾਨਾਂ ਦੇ ਬਾਹਰ ਵਾਹਨਾਂ ਵਿੱਚ ਹੁੱਕਾ ਨਸ਼ੇ ਵਜੋਂ ਦਿੱਤਾ ਜਾਂਦਾ ਸੀ।

