ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਮਾਨਸਾ, 22 ਅਕਤੂਬਰ 2022 : ਪਿਛਲੇ ਦਿਨੀਂ ਜਦੋਂ ਮਾਨਸਾ ਜਿਲ੍ਹੇ ਨੂੰ ਕੇਂਦਰ ਸਰਕਾਰ ਵੱਲੋ ਜਲ ਜੀਵਨ ਐਵਾਰਡ ਮਿਲਣ ਦੀ ਖਬਰ ਪਤਾ ਲਗੀ ਤਾਂ ਮਨ ਨੂੰ ਬਹੁਤ ਹੀ ਜਿਆਦਾ ਖੁਸ਼ੀ ਹੋਈ। ਪ੍ਰਮਾਤਮਾ ਕਰੇ ਸਾਡੇ ਜਿਲ੍ਹੇ ਨੂੰ ਹਰ ਸਾਲ ਜਲ ਜੀਵਨ ਐਵਾਰਡ ਮਿਲੇ। ਪ੍ਰੰਤੂ ਇਹ ਗੱਲ ਸਮਝ ਨਹੀਂ ਆਈ ਕਿ ਆਪਣੇ ਜਿਲ੍ਹੇ ਨੂੰ ਇਹ ਇਨਾਮ ਕਿਸ ਖੁਸ਼ੀ ਵਿੱਚ ਮਿਲਿਆ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਾ. ਜਨਕ ਰਾਜ ਸਿੰਗਲਾ ਨੇ ਕੀਤਾ ਉਨ੍ਹਾਂ ਕਿਹਾ ਕਿ ਸ਼ਹਿਰ ਦੇ ਕਈ ਬੁੱਧੀ ਜੀਵੀਆਂ ਨਾਲ ਗੱਲਬਾਤ ਕੀਤੀ ਤਾਂ ਉਹ ਵੀ ਬਹੁਤ ਹੈਰਾਨ ਸਨ ਫਿਰ ਖਬਰ ਪੜ੍ਹਨ ਤੇ ਵੀ ਬਹੁਤ ਪ੍ਰੇਸ਼ਾਨੀ ਹੋਈ ਕਿਉਂਕਿ ਉਸ ਵਿੱਚ ਲਿਖਿਆ ਸੀ ਕਿ ਇਹ ਐਵਾਰਡ ਮਾਨਸਾ ਜਿਲ੍ਹੇ ਨੂੰ ਇਸ ਲਈ ਮਿਲਿਆ ਹੈ ਕਿ ਮਾਨਸਾ ਜਿਲ੍ਹੇ ਦੇ ਹਰ ਘਰ ਸਵੱਛ ਅਤੇ ਸਾਫ਼ ਪੀਣ ਯੋਗ ਪਾਣੀ ਪੂਰੀ ਮਾਤਰਾ ਵਿਚ ਪਹੁੰਚਾ ਦਿੱਤਾ ਗਿਆ ਹੈ। ਇਸ ਉੱਤਮ ਕਾਰਜ ਸਦਕਾ ਸਾਡੇ ਜਿਲ੍ਹੇ ਨੂੰ ਇਹ ਜਲ ਜੀਵਨ ਐਵਾਰਡ 2022 ਮਹਾਤਮਾ ਗਾਂਧੀ ਜਯੰਤੀ ਮੌਕੇ ਭਾਰਤ ਸਰਕਾਰ ਵੱਲੋਂ ਦਿੱਤਾ ਗਿਆ। ਖੁਸ਼ੀ ਦੇ ਨਾਲ ਨਾਲ ਹੈਰਾਨੀ ਅਤੇ ਪ੍ਰੇਸ਼ਾਨੀ ਅਤੇ ਦੁੱਖ ਓਦੋਂ ਹੋਇਆ ਜਦੋਂ ਕੁਝ ਸ਼ਹਿਰ ਵਾਸੀਆਂ ਨੇ ਦੱਸਿਆ ਕਿ ਉਹਨੇ ਦੇ ਘਰਾਂ ਵਿੱਚ ਪਾਣੀ ਆਉਂਦਾ ਹੀ ਨਹੀਂ। ਕੁਝ ਲੋਕਾਂ ਦੀ ਤਰਸਯੋਗ ਗੱਲ ਸੁਣੀ ਜਦੋਂ ਉਹਨਾਂ ਦੱਸਿਆ ਕਿ ਪੂਰੀ ਦੀ ਪੂਰੀ ਗਲੀ ਵਿੱਚ ਗੰਧਲਾ ਕਾਲਾ ਪਾਣੀ ਆਉਂਦਾ ਹੈ। ਕੁਝ ਹੋਰ ਸ਼ਹਿਰ ਵਾਸੀਆਂ ਨੇ ਦੱਸਿਆ ਕਿ ਉਹਨਾਂ ਦੇ ਘਰਾਂ ਵਿੱਚ ਗੰਦੀ ਸਮੈਲ ਅਤੇ ਗੰਦੇ ਸਵਾਦ ਵਾਲਾ ਪਾਣੀ ਆਉਂਦਾ ਹੈ।

ਸਿਆਣਿਆਂ ਨੇ ਕਿਹਾ – ਜਲ ਹੀ ਜੀਵਨ ਹੈ। ਫਿਰ ਸਾਡੇ ਰਹਿਬਰ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਫ਼ਰਮਾਇਆ ਹੈ ” ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹੱਤੁ” ਭਾਵ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਗਿਆ ਹੈ।
ਉਪਰੋਕਤ ਦੱਸੇ ਅਨੁਸਾਰ ਅਗਰ ਸਾਡੇ ਜਿਲ੍ਹੇ ਦੇ ਲੋਕ ਅਜਿਹਾ ਪਾਣੀ ਪੀਣਗੇ ਤਾਂ ਕੁਝ ਲੰਬੇ ਸਮੇਂ ਦੀਆਂ ਭਿਆਨਕ ਬਿਮਾਰੀਆਂ ਜਿਵੇਂ – ਕੈਂਸਰ, ਕਮਜੋਰ ਹੱਡੀਆ ਆਦਿ ਅਤੇ ਕੁਝ ਛੇਤੀ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਕਿ ਪੀਲੀਆ, ਟੱਟੀਆਂ- ਉਲਟਿਆ, ਟਾਇਫਾਇਡ ਆਦਿ ਤੋਂ ਅਸੀ ਕਦੇ ਵੀ ਮੁੱਕਤ ਨਹੀਂ ਹੋ ਸਕਦੇ।
ਸੋ ਸਾਡੇ ਜਿਲ੍ਹੇ ਦੇ ਜਲ ਵਿਭਾਗ ਨੂੰ ਚਾਹੀਦਾ ਹੈ ਕਿ ਜਲ ਜੀਵਨ ਐਵਾਰਡ 2023 ਲਈ ਤੋਂ ਪਹਿਲਾ ਕਿਰਪਾ ਕਰਕੇ ਘੱਟੋ ਘੱਟ 100 ਵਾਰ ਹੇਠ ਲਿਖਿਆ ਗੱਲਾ ਯਕੀਨੀ ਬਣਾਉਣ ਜੀ । ਸਰਵੇ ਟੀਮਾ ਦਾ ਗਠਨ ਕਰਕੇ ਸ਼ਹਿਰ ਦੀ ਹਰ ਗਲੀ ਭਾਵੇਂ ਉਹ ਅੰਦਰਲੇ ਸ਼ਹਿਰ ਵਿਚ ਜਾਂ ਫਿਰ ਬਾਹਰੀ ਇਲਾਕੇ ਵਿਚ ਹੋਵੇ। ਓਥੇ ਭੇਜ ਕੇ ਚੈੱਕ ਕਰਵਾਇਆ ਜਾਵੇ –

1. ਪਾਣੀ ਆਉਂਦਾ ਵੀ ਹੈ ਕਿ ਨਹੀਂ
2. ਕਿੰਨੇ ਪ੍ਰਤੀਸ਼ਤ (%) ਘਰਾਂ ਵਿੱਚ ਪਾਣੀ ਆਉਂਦਾ ਹੈ ਤੇ ਕਿੰਨੇ ਵਿੱਚ ਨਹੀਂ ਆਉਂਦਾ। ਅਗਰ ਪਾਣੀ ਆਉਂਦਾ ਹੈ ਤਾਂ ਕੀ ਪਾਣੀ ਦਾ ਰੰਗ ਸਾਫ਼ ਹੈ, ਕੀ ਪਾਣੀ ਦਾ ਸਵਾਦ ਠੀਕ ਹੈ, ਕੀ ਪਾਣੀ ਵਿਚ ਕੋਈ ਸਮੈਲ਼ ਤਾਂ ਨਹੀਂ ਆਉਂਦੀ।
3. ਇਕ ਬਹੁਤ ਹੀ ਸਾਧਾਰਨ ਢੰਗ ਹੋਣਾ ਚਾਹੀਦਾ ਜਿਸ ਨਾਲ ਲੋਕ ਪਾਣੀ ਸੰਬੰਧੀ ਕੋਈ ਸ਼ਿਕਾਇਤ ਦਰਜ ਕਰਵਾਉਣਾ ਚਾਹੁੰਦੇ ਤਾਂ ਸੌਖੇ ਢੰਗ ਨਾਲ ਕਰਵਾ ਸਕਣ। ਇਸ ਸ਼ਿਕਾਇਤ ਦਾ ਹੱਲ ਐਮਰਜੈਂਸੀ ਸਮਝਦੇ ਹੋਏ 24 ਘੰਟੇ ਦੇ ਵਿਚ ਵਿੱਚ ਹੋਣਾ ਯਕੀਨੀ ਬਣਾਇਆ ਜਾਵੇ।
ਵਿਸ਼ਵ ਸਿਹਤ ਸੰਸਥਾ ਨੇ ਪੀਣ ਯੋਗ ਪਾਣੀ ਦੀ ਇਕ ਪ੍ਰੀਭਾਸ਼ਾ ਦਿੱਤੀ ਹੈ ਜਿਸ ਅਨੁਸਾਰ ਮੋਟੇ ਤੌਰ ਤੇ ਪੀਣ ਵਾਲਾ ਪਾਣੀ ਬਿਨ੍ਹਾ ਕਿਸੇ ਰੰਗ ਅਤੇ ਬਿਨ੍ਹਾ ਕਿਸੇ ਸਮੈਲ਼ ਤੇ ਕੁਦਰਤੀ ਰੰਗ ਵਰਗਾ ਹੋਣਾ ਚਾਹੀਦਾ ਹੈ।
ਸ਼ਹਿਰ ਵਾਸੀ ਪੂਰੀ ਉਮੀਦ ਕਰਦੇ ਹਨ ਕਿ ਅਗਲੇ ਸਾਲ ਦਾ ਜਲ ਜੀਵਨ ਐਵਾਰਡ ਲੈਣ ਤੋਂ ਪਹਿਲਾਂ ਪ੍ਰਸ਼ਾਸਨ ਜਿਲ੍ਹੇ ਦੇ ਹਰ ਇਕ ਵਾਸੀ ਨੂੰ ਪੀਣ ਯੋਗ ਪਾਣੀ ਮੁੱਹਈਆ ਕਰਵਾ ਦੇਵੇਗਾ ਤਾਂ ਜੋਂ ਕਿ ਉਸ ਦਿਨ ਨੂੰ ਅਸੀ ਸਾਰੇ ਮਿਲ ਕੇ ਸੱਚ ਮੁੱਚ ਮਨਾ ਖੁਸ਼ੀ ਸਕੀਏ।

