ਬਿਊਰੋ, ਪ੍ਰਾਈਮ ਪੋਸਟ ਪੰਜਾਬ
ਮੋਹਾਲੀ, 18 ਸਤੰਬਰ 2022 : ਮੋਹਾਲੀ ਦੀ ਨਿੱਜੀ ਯੂਨੀਵਰਸਿਟੀ ‘ਚ ਵਿਦਿਆਰਥਣਾਂ ਦੀ ਨਹਾਉਂਦੀਆਂ ਦੀ ਵੀਡੀਓ ਵਾਇਰਲ ਹੋਣ ਦੇ ਮਾਮਲੇ ਦੀ ਕਹਾਣੀ ਪੁਲਿਸ ਦੀ ਮੁੱਢਲੀ ਜਾਂਚ ‘ਚ ਪਲਟ ਗਈ ਹੈ। ਮੋਹਾਲੀ ਦੇ ਐਸਐਸਪੀ ਵਿਵੇਕਸ਼ੀਲ ਸੋਨੀ ਅਨੁਸਾਰ ਦੋਸ਼ੀ ਲੜਕੀ ਨੇ ਸਿਰਫ ਆਪਣੀ ਅਸ਼ਲੀਲ ਵੀਡੀਓ ਭੇਜੀ ਸੀ। ਕਿਸੇ ਹੋਰ ਕੁੜੀ ਦੀ ਵੀਡੀਓ ਨਹੀਂ ਬਣਾਈ ਗਈ। ਹੁਣ ਤੱਕ ਦੀ ਜਾਂਚ ‘ਚ ਪਤਾ ਲੱਗਾ ਹੈ ਕਿ ਦੋਸ਼ੀ ਦੀ ਸਿਰਫ ਇਕ ਵੀਡੀਓ ਹੈ। ਉਸ ਨੇ ਕਿਸੇ ਹੋਰ ਦੀ ਵੀਡੀਓ ਰਿਕਾਰਡ ਨਹੀਂ ਕੀਤੀ ਹੈ।
ਇਲੈਕਟ੍ਰਾਨਿਕ ਉਪਕਰਨਾਂ ਅਤੇ ਮੋਬਾਈਲ ਫੋਨਾਂ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਅਤੇ ਫੋਰੈਂਸਿਕ ਜਾਂਚ ਲਈ ਭੇਜਿਆ ਜਾਵੇਗਾ।ਦਰਅਸਲ ਸ਼ਨੀਵਾਰ ਦੇਰ ਰਾਤ ਮੋਹਾਲੀ ਦੀ ਮੰਨੀ-ਪ੍ਰਮੰਨੀ ਪ੍ਰਾਈਵੇਟ ਯੂਨੀਵਰਸਿਟੀ ‘ਚ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ, ਜਦੋਂ ਹੋਸਟਲ ‘ਚ ਰਹਿ ਰਹੀ ਇਕ ਵਿਦਿਆਰਥਣ ਨੇ ਸ਼ਿਮਲਾ ‘ਚ ਬੈਠੇ ਇਕ ਦੋਸਤ ਰਾਹੀਂ ਦੂਜੀਆਂ ਵਿਦਿਆਰਥਣਾਂ ਦੀਆਂ ਨਹਾਉਂਦੇ ਹੋਏ ਵੀਡੀਓਜ਼ ਬਣਾ ਕੇ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦੇਣ ਦੀ ਖ਼ਬਰ ਸਾਹਮਣੇ ਆਈ। ਜਿਵੇਂ ਹੀ ਲੜਕੀਆਂ ਨੂੰ ਇਸ ਦਾ ਪਤਾ ਲੱਗਾ ਤਾਂ ਯੂਨੀਵਰਸਿਟੀ ‘ਚ ਹੜਕੰਪ ਮਚ ਗਿਆ।











