ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਮਾਨਸਾ, 12 ਸਤੰਬਰ 2022 : ਐੱਸਐੱਸਪੀ ਮਾਨਸਾ ਗੌਰਵ ਤੂਰਾ ਅਤੇ ਸਿਟ ਦੇ ਮੈਂਬਰ ਡਾ. ਬਾਲ ਕ੍ਰਿਸ਼ਨ ਸਿੰਗਲਾ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਮਾਨਸਾ ਵੱਲੋਂ ਪ੍ਰੈਸ ਕਾਨਫਰੰਸ ਕਰਦੇ ਹੋਏ ਦੱਸਿਆ ਗਿਆ ਕਿ ਪੰਜਾਬੀ ਗਾਇਕ ਸੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦੇ ਮਰਡਰ ਸਬੰਧੀ ਦਰਜ਼ ਹੋਏ ਅੰਨੇੇ ਕਤਲ ਦੇ ਮੁਕੱਦਮਾ ਨੰਬਰ 103/ 2022 ਥਾਣਾ ਸਿਟੀ-1 ਮਾਨਸਾ ਨੂੰ ਟਰੇਸ ਕਰਕੇ ਤਫਤੀਸ਼ ਮੁਕੰਮਲ ਕਰਕੇ ਪਿਛਲੇ ਮਹੀਨੇ ਕੁੱਲ 24 ਦੋਸ਼ੀਆਾਂ ਵਿਰੁੱਧ ਚਲਾਣ ਤਿਆਰ ਕਰਕੇ ਪੇਸ਼ ਅਦਾਲਤ ਕੀਤਾ ਗਿਆ ਸੀ। ਰਹਿੰਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਪਾਰਟੀਆਂ ਵੱਲੋਂ ਲਗਾਤਾਰ ਕੰਮ ਕੀਤਾ ਜਾ ਰਿਹਾ ਸੀ। ਜਿਸਦੇ ਸਿੱਟੇ ਵਜੋਂ 4 ਦੋਸ਼ੀਆਂ ਜੋ ਆਪਣੀ ਗ੍ਰਿਫਤਾਰੀ ਤੋਂ ਟਲੇ ਫਿਰਦੇ ਸਨ, ਜਿਹਨਾਂ ਵਿੱਚ ਮੇਨ ਸੂਟਰ ਦੀਪਕ ਮੁੰਡੀ ਪੁੱਤਰ ਰਾਜਵੀਰ ਵਾਸੀ ਊਨ ਥਾਣਾ ਬੋਧ ਕਲਾਂ ਜਿਲ੍ਹਾ ਦਾਦਰੀ (ਹਰਿਆਣਾ) ਨੂੰ ਉਸਦੇ ਸਾਥੀਆਂ ਰਾਜਿੰਦਰ ਜੌਕਰ ਅਤੇ ਕਪਿਲ ਪੰਡਿਤ ਸਮੇਤ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਮਿਤੀ 17.09.2022 ਤੱਕ 7 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਇਸਤੋਂ ਇਲਾਵਾ ਰੈਕੀ ਅਤੇ ਠਹਿਰਣ ਦਾ ਪ੍ਰਬੰਧ ਕਰਨ ਵਾਲੇ ਬਿੱਟੂ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਕਾਲਿਆਵਾਲੀ (ਹਰਿਆਣਾ) ਜੋ ਸੰਦੀਪ ਸਿੰਘ ਉਰਫ ਕੇਕੜਾ ਦਾ ਸਕਾ ਭਰਾ ਹੈ, ਨੂੰ ਟਰੇਸ ਕਰਕੇ ਮਿਤੀ 11.09.2022 ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਸਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਮਿਤੀ 17.09.2022 ਤੱਕ 6 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਦੌਰਾਨੇ ਪੁਲਿਸ ਰਿਮਾਂਡ ਇਹਨਾਂ ਗ੍ਰਿਫਤਾਰ ਦੋਸ਼ੀਆਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਜਿਹਨਾਂ ਵਿਰੁੱਧ ਸਪਲੀਮੈਂਟਰੀ ਚਲਾਣ ਤਿਆਰ ਕਰਕੇ ਜਲਦੀ ਪੇਸ਼ ਅਦਾਲਤ ਕੀਤਾ ਜਾਵੇਗਾ। ਮੁਕੱਦਮਾ ਦੀ ਦਿਨ ਬ ਦਿਨ ਤਫਤੀਸ ਜਾਰੀ ਹੈ।

