ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਸਰਦੂਲਗੜ੍ਹ, 12 ਸਤੰਬਰ 2022 : ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਵਿੱਚ ਚੋਣਾਂ ਲੜ ਚੁੱਕੇ ਉਮੀਦਵਾਰਾਂ ਦੀ ਸੁਰੱਖਿਆ ਨੂੰ ਲੈ ਕੇ ਕੇਂਦਰੀ ਰੱਖਿਆ ਮੰਤਰੀ ਸ੍ਰੀ ਰਾਜਨਾਥ ਸਿੰਘ ਨਾਲ ਬਲਜਿੰਦਰ ਸਿੰਘ ਦਕੋਹਾ ਤੇ ਜਗਜੀਤ ਸਿੰਘ ਮਿਲਖਾ ਨੇ ਮੁਲਾਕਾਤ ਕੀਤੀ ਤੇ ਪੰਜਾਬ ਦੇ ਮੌਜੂਦਾ ਹਾਲਾਤ ਬਾਰੇ ਵਿਚਾਰ ਵਟਾਂਦਰਾ ਕੀਤਾ । ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਬਹੁਤ ਖਰਾਬ ਹੋ ਚੁੱਕੀ ਹੈ। ਨਸ਼ਾ ਪੰਜਾਬ ਦੇ ਹਰ ਗਲੀ ਮੁਹੱਲੇ ‘ਚ ਵਿਕ ਰਿਹਾ ਹੈ ਤੇ ਛੋਟੇ ਛੋਟੇ ਗੈਂਗਸਟਰਾਂ ਦੇ ਗਰੁੱਪ ਖੁੰਭਾਂ ਵਾਂਗ ਪਨਪ ਰਹੇ ਹਨ। ਪੰਜਾਬ ਵਿੱਚ ਆਮ ਸ਼ਹਿਰੀ ਦਾ ਜੀਣਾ ਬਦ ਤੋਂ ਬਦਤਰ ਹੋ ਗਿਆ ਹੈ, ਕਿਸੇ ਨੂੰ ਕੋਈ ਪਤਾ ਨਹੀਂ ਕਿ ਕਿਸ ਵੇਲੇ ਕਿਹੋ ਜਿਹੀ ਅਣਹੋਣੀ ਘਟਨਾ ਵਾਪਰ ਜਾਵੇ।
ਸਰਦੂਲਗੜ੍ਹ ਹਲਕੇ ਤੋਂ ਸਿੱਧੂ ਮੂਸੇਵਾਲੇ ਦੇ ਕੇਸ ਤੇ ਚਰਚਾ ਕਰਦਿਆਂ ਮਿਲਖਾ ਨੇ ਕਿਹਾ ਕਿ ਇਸ ਇਲਾਕੇ ਵਿਚ ਹਾਲਾਤ ਬਹੁਤ ਖਰਾਬ ਹੋ ਚੁੱਕੇ ਹਨ ਖਾਲਿਸਤਾਨੀ ਸਮਰਥਕ ਤੇ ਛੋਟੇ ਛੋਟੇ ਗੈਂਗ ਆਮ ਪਿੰਡਾਂ ਚ ਹਥਿਆਰ ਚੁੱਕੀ ਫਿਰਦੇ ਹਨ। ਇਸ ਸਮੇਂ ਮਿਲਖਾ ਨੇ ਇਹ ਵੀ ਕਿਹਾ ਕਿ ਸਿੱਧੂ ਮੂਸੇਵਾਲੇ ਦੇ ਕਤਲ ਦੀ ਇਨਵੈਸਟੀਗੇਸ਼ਨ ਟੀਮ ਦੀ ਸੁਰੱਖਿਆ ਨੂੰ ਵੀ ਯਕੀਨੀ ਬਣਾਇਆ ਜਾਵੇ ।ਜਿਸ ਨੂੰ ਇੰਟਰਨੈਸ਼ਨਲ ਗਰੁੱਪਾਂ ਵੱਲੋਂ ਧਮਕੀਆਂ ਮਿਲ ਰਹੀਆਂ ਹਨ ।

