ਪ੍ਰੋਗਰਾਮ ’ਚ ਹਿੱਸਾ ਲਏ ਬਿਨਾਂ ਹੀ ਮੰਤਰੀ ਨੂੰ ਜਾਣਾ ਪਿਆ ਵਾਪਸ
ਬਿਊਰੋ, ਪ੍ਰਾਈਮ ਪੋਸਟ ਪੰਜਾਬ
ਫਿਰੋਜ਼ਪੁਰ, 12 ਸਤੰਬਰ 2022 : ਪੰਜਾਬ ਸਰਕਾਰ ਵੱਲੋਂ ਗਾਰਡੀਅਨਜ਼ ਆਫ ਗਵਰਨੈਂਸ (G.O.G.) ਬੰਦ ਕਰਨ ਦੇ ਵਿਰੋਧ ਵਿੱਚ ਅੱਜ ਸਾਬਕਾ ਫੌਜੀਆਂ ਵੱਲੋਂ ਕੈਬਨਿਟ ਮੰਤਰੀ ਦਾ ਵੱਡੀ ਪੱਧਰ ਉਤੇ ਵਿਰੋਧ ਕੀਤਾ ਗਿਆ। ਸਾਰਾਗੜ੍ਹੀ ਜੰਗ ਦੇ 125ਵੀਂ ਵਰ੍ਹੇਗੰਢ ਮੌਕੇ ਰੱਖੇ ਗਏ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਦਾ ਸਾਬਕਾ ਫੌਜੀਆਂ ਵੱਲੋਂ ਵਿਰੋਧ ਕੀਤਾ ਗਿਆ। ਸਾਬਕਾ ਫੌਜੀਆਂ ਦੇ ਵਿਰੋਧ ਦੇ ਚੱਲਦਿਆਂ ਕੈਬਨਿਟ ਮੰਤਰੀ ਪ੍ਰੋਗਰਾਮ ਵਿੱਚ ਨਹੀਂ ਪਹੁੰਚ ਸਕੇ। ਇਸ ਮੌਕੇ ਸਾਬਕਾ ਫੌਜੀਆਂ ਨਾਲ ਐਸਐਸਪੀ ਦੀ ਤਿੱਖੀ ਬਹਿਸ਼ਬਾਜੀ ਵੀ ਹੋਈ। ਸਾਬਕਾ ਫੌਜੀਆਂ ਨੇ ਸਰਕਾਰ ਉਤੇ ਦੋਸ਼ ਲਗਾਇਆ ਕਿ ਸਰਕਾਰ ਵੱਲੋਂ ਜੀਓਜੀ ਬੰਦ ਕਰਕੇ ਉਨ੍ਹਾਂ ਦਾ ਰੁਜ਼ਗਾਰ ਖੋਹਿਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਮੇਂ 2017 ਵਿੱਚ ਪੰਜਾਬ ਸਰਕਾਰ ਵੱਲੋਂ ਕੁਝ ਵਿਭਾਗਾਂ ਦੀਆਂ ਸਕੀਮਾਂ ਨੂੰ ਜ਼ਮੀਨੀ ਪੱਧਰ ਉਤੇ ਪ੍ਰਭਾਵੀ ਢੰਗ ਨਾਲ ਲਾਗੂ ਕਰਨ ਲਈ ਨਿਗਰਾਨੀ ਰੱਖਣ ਦੇ ਉਦੇਸ਼ ਨਾਲ ਜੀ ਓ ਜੀ ਸਕੀਮ ਸ਼ੁਰੂ ਕੀਤੀ ਗਈ ਸੀ। ਜਿਸ ਵਿੱਚ ਸਾਬਕਾ ਫੌਜੀਆਂ ਨੂੰ ਰੱਖਿਆ ਗਿਆ ਸੀ।

