ਜ਼ਿਲ੍ਹੇ ਦੇ 5 ਬਲਾਕਾਂ ’ਚ 7 ਦਿਨ ਹੋਣਗੇ ਵੱਖ-ਵੱਖ ਖੇਡ ਮੁਕਾਬਲੇ, ਕਿਹਾ ਖੇਡ ਮੁਕਾਬਲਿਆਂ ਦੌਰਾਨ ਅਧਿਕਾਰੀ ਆਪਸੀ ਤਾਲਮੇਲ ਅਤੇ ਸਹਿਯੋਗਨਾਲ ਡਿਊਟੀ ਨਿਭਾਉਣ
ਸੰਜੀਵ ਜਿੰਦਲ / ਰੋਹਿਨ ਜਿੰਦਲ
ਮਾਨਸਾ, 31 ਅਗਸਤ ( ਪ੍ਰਾਈਮ ਪੋਸਟ ਪੰਜਾਬ ) : ਪੰਜਾਬ ਸਰਕਾਰ ਵੱਲੋਂ ਰਾਜ ਅੰਦਰ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਜ਼ਿਲ੍ਹੇ ਅੰਦਰ ਹੋਣ ਵਾਲੇ ਬਲਾਕ ਪੱਧਰੀ ਖੇਡ ਮੁਕਾਬਲਿਆਂ ਦੀਆਂ ਸਮੁੱਚੀਆਂ ਤਿਆਰੀਆਂ ਮੁਕੰਮਲ ਕਰ ਲਈਆ ਗਈਆਂ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਮਾਨਸਾ ਬਲਦੀਪ ਕੌਰ ਨੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਸਥਾਨਕ ਕਾਨਫਰੰਸ ਰੂਮ ਵਿਖੇ ਕੀਤੀ ਮੀਟਿੰਗ ਦੌਰਾਨ ਦਿੱਤੀ।
ਡਿਪਟੀ ਕਮਿਸ਼ਨਰ ਨੇ ਬਲਾਕ ਪੱਧਰ ’ਤੇ 1 ਸਤੰਬਰ ਤੋਂ ਸ਼ੁਰੂ ਹੋਣ ਵਾਲੇ ਖੇਡ ਮੁਕਾਬਲਿਆਂ ਲਈ ਨਿਯੁਕਤ ਅਧਿਕਾਰੀਆਂ ਨੂੰ ਆਪਸੀ ਤਾਲਮੇਲ ਅਤੇ ਸਹਿਯੋਗ ਨਾਲ ਡਿਊਟੀ ਨਿਭਾਉਣ ਲਈ ਕਿਹਾ। ਉਨ੍ਹਾਂ ਦੱਸਿਆ ਕਿ 5 ਬਲਾਕਾਂ ਦੇ 5 ਖੇਡ ਮੈਦਾਨਾਂ ’ਚ 7 ਦਿਨ ਵੱਖ-ਵੱਖ ਖੇਡ ਮੁਕਾਬਲੇ ਹੋਣਗੇ। ਉਨ੍ਹਾਂ ਦੱਸਿਆ ਕਿ ਵੱਖ ਵੱਖ ਮੁਕਾਬਲੇ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖੇਡਾਂ ਵਿਚ ਅੰਡਰ 14 ਤੋਂ 50 ਸਾਲ ਤੋਂ ਵੱਧ ਉਮਰ ਦੇ ਖਿਡਾਰੀ ਭਾਗ ਲੈਣਗੇ।
ਉਨ੍ਹਾਂ ਦੱਸਿਆ ਕਿ ਬਲਾਕ ਮਾਨਸਾ ਅਧੀਨ ਆਉਂਦੇ ਬਹੁਮੰਤਵੀ ਖੇਡ ਸਟੇਡੀਅਮ ਮਾਨਸਾ, ਬਲਾਕ ਸਰਦੂਲਗੜ੍ਹ ਅਧੀਨ ਆਉਂਦੇ ਪਿੰਡ ਕੁਸਲਾ, ਸਰਦੂਲਗੜ੍ਹ, ਬਲਾਕ ਭੀਖੀ ਅਧੀਨ ਆਉਂਦੇ ਰਾਇਲ ਕਾਲਜ ਬੋੜਾਵਾਲ, ਭੀਖੀ, ਬਲਾਕ ਝੁਨੀਰ ਵਿਖੇ ਆਉਂਦੇ ਇਨਲਾਈਟਡ ਫਿਜ਼ੀਕਲ ਕਾਲਜ, ਝੁਨੀਰ ਅਤੇ ਬਲਾਕ ਬੁਢਲਾਡਾ ਅਧੀਨ ਆਉਂਦੇ ਸ੍ਰੀ ਗੁਰੂ ਤੇਗ ਬਹਾਦਰ ਸਟੇਡੀਅਮ, ਬੁਢਲਾਡਾ ਵਿਖੇ ਫੁਟਬਾਲ, ਅਥਲੈਟਿਕਸ, ਖੋ-ਖੋ, ਕਬੱਡੀ (ਸਰਕਲ ਅਤੇ ਨੈਸ਼ਨਲ ਸਟਾਇਲ), ਵਾਲੀਬਾਲ ਅਤੇ ਰੱਸਾਕੱਸੀ ਦੇ ਮੁਕਾਬਲੇ ਹੋਣਗੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਉਪਕਾਰ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ/ਵਿਕਾਸ) ਟੀ.ਬੈਨਿਥ, ਐਸ.ਡੀ.ਐਮ. ਮਾਨਸਾ ਹਰਜਿੰਦਰ ਸਿੰਘ ਜੱਸਲ, ਐਸ.ਡੀ.ਐਮ. ਸਰਦੂਲਗੜ੍ਹ ਪੂਨਮ ਸਿੰਘ, ਜ਼ਿਲ੍ਹਾ ਖੇਡ ਅਫ਼ਸਰ ਗੁਰਮੀਤ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ ਸੰਜੀਵ ਕੁਮਾਰ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਰਘਬੀਰ ਸਿੰਘ ਮਾਨ, ਡਾ. ਰਣਜੀਤ ਸਿੰਘ ਰਾਏ ਸਮੇਤ ਹੋਰ ਅਧਿਕਾਰੀ ਹਾਜ਼ਰ ਸਨ।