ਬਿਊਰੋ, ਪ੍ਰਾਈਮ ਪੋਸਟ ਪੰਜਾਬ
ਨਵੀਂ ਦਿੱਲੀ, ਅਗਸਤ 30, 2022 : ਕੇਂਦਰੀ ਜਾਂਚ ਏਜੰਸੀ ( CBI ) ਅੱਜ ਦਿੱਲੀ ਦੇ ਡਿਪਟੀ ਸੀਐੱਮ ਮਨੀਸ਼ ਸਿਸੋਦੀਆ ਦੇ ਬੈਂਕ ਲਾਕਰ ਦੀ ਜਾਂਚ ਕਰੇਗੀ।ਗਾਜ਼ੀਆਬਾਦ ਦੇ ਵਸੁੰਧਰਾ ਸੈਕਟਰ 4 ਦੀ ਪੰਜਾਬ ਨੈਸ਼ਨਲ ਬੈਂਕ ‘ਚ ਮਨੀਸ਼ ਸਿਸੋਦੀਆ ਦਾ ਬੈਂਕ ਲਾਕਰ ਹੈ।ਇਸਦੀ ਜਾਂਚ ਲਈ ਸੀਬੀਆਈ ਦੀ ਟੀਮ ਬੈਂਕ ਪਹੁੰਚ ਗਈ ਹੈ।ਦੂਜੇ ਪਾਸੇ ਮਨੀਸ਼ ਸਿਸੋਦੀਆ ਤੇ ਉਨ੍ਹਾਂ ਦੀ ਪਤਨੀ ਵੀ ਬੈਂਕ ‘ਚ ਮੌਜੂਦ ਹਨ।ਬੈਂਕ ‘ਚ ਸੀਬੀਆਈ ਦੇ ਅਧਿਕਾਰੀ ਮਨੀਸ਼ ਸਿਸੋਦੀਆ ਦੇ ਸਾਹਮਣੇ ਹੀ ਉਨ੍ਹਾਂ ਦੇ ਲਾਕਰ ਦੀ ਜਾਂਚ ਕਰਨਗੇ
ਦਿੱਲੀ ਦੀ ਚਰਚਿਤ ਸ਼ਰਾਬ ਨੀਤੀ ‘ਚ ਗੜਬੜੀ ਦੇ ਮਾਮਲੇ ‘ਚ ਸੀਬੀਆਈ ਐਕਸ਼ਨ ‘ਚ ਹੈ।ਸੀਬੀਆਈ ਨੇ ਇਸ ਤੋਂ ਪਹਿਲਾਂ ਅਗਸਤ ‘ਚ ਹੀ ਦਿੱਲੀ ਦੇ ਡਿਪਟੀ ਸੀਐੱਮ ਮਨੀਸ਼ ਸਿਸੋਦੀਆ ਦੀ ਰਿਹਾਇਸ਼ ‘ਤੇ ਛਾਪੇਮਾਰੀ ਕੀਤੀ ਸੀ।ਇੰਨਾ ਹੀ ਨਹੀਂ ਸੀਬੀਆਈ ਨੇ ਇਸ ਮਾਮਲੇ ‘ਚ ਸਾਬਕਾ ਐਕਸਾਈਜ਼ ਕਮਿਸ਼ਨਰ ਅਰਾਵਾ ਗੋਪੀ ਕ੍ਰਿਸ਼ਨਾ ਦੀ ਰਿਹਾਇਸ਼ ਸਮੇਤ 7 ਸੂਬਿਆਂ ਦੇ 21 ਟਿਕਾਣਿਆਂ ‘ਤੇ ਰੇਡ ਮਾਰੀ ਸੀ।
ਦਰਅਸਲ, ਪਿਛਲੇ ਦਿਨੀਂ ਦਿੱਲੀ ਦੇ ਉਪ-ਰਾਜਪਾਲ ਵਿਨੈ ਸਕਸੈਨਾ ਨੇ ਮੁੱਖ ਸਕੱਤਰ ਦੀ ਰਿਪੋਰਟ ਤੋਂ ਬਾਅਦ ਇਹ ਕਦਮ ਉਠਾਇਆ ਸੀ।ਇਸ ਰਿਪੋਰਟ ‘ਚ ਮਨੀਸ਼ ਸਿਸੋਦੀਆ ਦੀ ਭੂਮਿਕਾ ‘ਤੇ ਵੀ ਸਵਾਲ ਚੁੱਕੇ ਗਏ ਹਨ।ਦਰਅਸਲ ਦਿੱਲੀ ਦਾ ਐਕਸਾਈਜ਼ ਵਿਭਾਗ ਮਨੀਸ਼ ਸਿਸੋਦੀਆ ਦੇ ਅਧੀਨ ਹੈ।
ਨਵੀਂ ਐਕਸਾਈਜ਼ ਡਿਊਟੀ ‘ਚ ਗੜਬੜੀ ਦੇ ਦੋਸ਼ ਹਨ।ਇਸਦੇ ਰਾਹੀਂ ਸ਼ਰਾਬ ਲਾਇਸੈਂਸ ਧਾਰਕ ਨੂੰ ਅਣਉਚਿੱਤ ਲਾਭ ਪਹੁੰਚਾਉਣ ਦਾ ਵੀ ਦੋਸ਼ ਹੈ।ਲਾਇਸੈਂਸ ਦੇਣ ‘ਚ ਨਿਯਮਾਂ ਦੀ ਅਣਦੇਖੀ ਕੀਤੀ ਗਈ।ਟੈਂਡਰ ਦੇ ਬਾਅਦ ਸ਼ਰਾਬ ਠੇਕੇਦਾਰਾਂ ਦੇ 144 ਕਰੋੜ ਰੁਪਏ ਮਾਫ ਕੀਤੇ ਗਏ ਹਨ ।