ਬਿਊਰੋ ਪ੍ਰਾਈਮ ਪੋਸਟ ਪੰਜਾਬ
ਚੰਡੀਗੜ੍ਹ , 30 ਅਗਸਤ 2022 – ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਨਵੇਂ ਪੰਜਾਬੀ ਗੀਤ ‘ਜਾਂਦੀ ਵਾਰ’ ਦੀ ਰਿਲੀਜ਼ ਉੱਤੇ ਅਦਾਲਤ ਨੇ ਰੋਕ ਲਾ ਦਿੱਤੀ ਹੈ।
ਮਿਲੀ ਜਾਣਕਾਰੀ ਮੁਤਾਬਕ ਸਿੱਧੂ ਮੂਸੇਵਾਲਾ ਅਤੇ ਗਾਇਕਾ ਅਫ਼ਸਾਨਾ ਖਾਨ ਨਾਲ ਫਿਲਮਾਇਆ ਗਿਆ ਪੰਜਾਬੀ ਗੀਤ ‘ਜਾਂਦੀ ਵਾਰ’ 2 ਸਤੰਬਰ ਨੂੰ ਰਿਲੀਜ਼ ਹੋਣ ਦੀ ਜਾਣਕਾਰੀ ਮਿਊਜਿ਼ਕ ਡਾਇਰੈਕਟਰ ਸਲੀਮ ਮਰਚੈਂਟ ਨੇ ਸੋਸ਼ਲ ਮੀਡੀਆ ਉੱਤੇ ਦਿੱਤੀ ਸੀ, ਜਿਸ ਪਿੱਛੋਂ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੇ ਰਿਲੀਜ਼ ਨਾ ਕਰਨ ਦੀ ਅਪੀਲ ਕੀਤੀ ਤੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਅਦਾਲਤ ਨੂੰ ਅਰਜ਼ੀ ਵੀ ਦਿੱਤੀ ਸੀ। ਮਾਨਸਾ ਦੀ ਅਦਾਲਤ ਨੇ ਗੀਤ ਦੀ ਰਿਲੀਜ਼ ਰੋਕ ਦਿੱਤੀ ਅਤੇ ਮਿਊਜਿ਼ਕ ਡਾਇਰੈਕਟਰ ਸਲੀਮ ਮਰਚੈਂਟ ਨੇ ਵੀ ਰਿਲੀਜ਼ ਨਾ ਕਰਨ ਦੀ ਗੱਲ ਕਹੀ ਹੈ।
ਬਾਲੀਵੁੱਡ ਦੇ ਵੱਡੇ ਮਿਊਜ਼ਿਕ ਡਾਇਰੈਕਟਰ ਸਲੀਮ ਮਰਚੈਂਟ ਨੇ ਗੀਤ ਦੀ ਰਿਲੀਜ਼ ਟਾਲਣ ਦਾ ਇਹ ਕਦਮ ਸਿੱਧੂ ਮੂਸੇਵਾਲਾ ਦੇ ਪਰਿਵਾਰ ਦੀ ਅਪੀਲ ਉੱਤੇ ਚੁੱਕਿਆ ਅਤੇ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਕਿਹਾ ਹੈ ਕਿ ਉਹ ਹਾਲੇ ਇਹ ਗੀਤ ਰਿਲੀਜ਼ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਉਹ ਮੂਸੇਵਾਲਾ ਦੇ ਮਾਪਿਆਂ ਨੂੰ ਨਾਰਾਜ਼ ਨਹੀਂ ਕਰਨਗੇ। ਸਿੱਧੂ ਮੂਸੇਵਾਲਾ ਤੇ ਅਫ਼ਸਾਨਾ ਖਾਨ ਵੱਲੋਂ ਗਾਇਆ ਗੀਤ ‘ਜਾਂਦੀ ਵਾਰ’ 2 ਸਤੰਬਰ ਨੂੰ ਰਿਲੀਜ਼ ਕਰਨ ਤੇ ਕਾਫ਼ੀ ਵਿਵਾਦ ਸੀ। ਜਦੋਂ ਮਰਚੈਂਟ ਨੇ ਗੀਤ ਦੀ ਰਿਲੀਜ਼ ਦਾ ਐਲਾਨ ਕੀਤਾ ਤਾਂ ਪੰਜਾਬੀ ਇੰਡਸਟਰੀ ਦੇ ਇੱਕ ਗੀਤਕਾਰ ਤੇ ਲੇਖਕ ਬੰਟੀ ਬੈਂਸ ਨੇ ਮਰਚੈਂਟ ਦੇ ਨਾਂ ਲੰਬੀ ਚੌੜੀ ਪੋਸਟ ਰਾਹੀਂ ਸਲੀਮ ਮਰਚੈਂਟ ਦੇ ਫ਼ੈਸਲੇ ਬਾਰੇ ਸਵਾਲ ਚੁੱਕੇ ਤੇ ਕਿਹਾ ਕਿ ਮੂਸੇਵਾਲਾ ਦੇ 40-50 ਕਰੀਬ ਗੀਤ ਰਿਲੀਜ਼ ਲਈ ਪੈਂਡਿੰਗ ਹਨ ਤੇ ਸਭ ਮਿਊਜ਼ਿਕ ਕੰਪਨੀਆਂ ਨੇ ਮੂਸੇਵਾਲਾ ਦੇ ਪਰਿਵਾਰ ਨੂੰ ਦੇ ਦਿੱਤੇ ਹਨ ਤਾਂ ਮਰਚੈਂਟ ਨੂੰ ਵੀ ਮੂਸੇਵਾਲਾ ਪਰਿਵਾਰ ਦੀ ਗੱਲ ਮੰਨਣੀ ਚਾਹੀਦੀ ਹੈ। ਗੀਤ ਬਾਰੇ ਮੂਸੇਵਾਲਾ ਦੇ ਪਰਿਵਾਰ ਨੇ ਵੀ ਇਤਰਾਜ਼ ਕੀਤਾ ਤੇ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਏਥੋਂ ਤੱਕ ਕਿਹਾ ਸੀ ਕਿ ਮਰਚੈਂਟ ਉਨ੍ਹਾਂ ਦੀ ਅਪੀਲ ਨਾ ਮੰਨਣਗੇ ਤਾਂ ਉਹ ਕੋਰਟ ਦਾ ਸਹਾਰਾ ਲੈ ਸਕਦੇ ਹਨ।

