ਬਿਉੂਰੋ, ਪ੍ਰਾਈਮ ਪੋਸਟ ਪੰਜਾਬ
ਸੰਗਰੂਰ, 19 ਅਗਸਤ 2022 : ਪੰਜਾਬ ਵਿੱਚ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਪੰਜਾਬ ਸਰਕਾਰ ਦੁਆਰਾ ਵਿਸ਼ੇਸ਼ ਮੁਹਿੰਮ ਚਲਾਈ ਹੋਈ ਹੈ । ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚੋਂ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਚਲਾਈ ਮੁਹਿੰਮ ਤਹਿਤ ਰਿਜ਼ਨਲ ਟਰਾਂਸਪੋਰਟ ਅਥਾਰਟੀ (ਆਰਟੀਏ) ਦਫ਼ਤਰ ਸੰਗਰੂਰ ਵਿੱਚ ਵੱਡੇ ਘਪਲੇ ਦਾ ਪਰਦਾਫਾਸ਼ ਕੀਤਾ ਹੈ । ਕਾਰਵਾਈ ਕਰਦੇ ਹੋਏ ਪੰਜਾਬ ਵਿਜੀਲੈਂਸ ਬਿਊਰੋ ਨੇ ਆਰਟੀਏ, ਮੋਟਰ ਵ੍ਹੀਕਲ ਇੰਸਪੈਕਟਰ (ਐੱਮਵੀਆਈ), ਦੋ ਕਲਰਕਾਂ, ਦੋ ਵਿਚੋਲਿਆਂ ਅਤੇ ਪ੍ਰਾਈਵੇਟ ਏਜੰਟਾਂ ਦੇ ਖ਼ਿਲਾਫ਼ ਅਪਰਾਧਿਕ ਮਾਮਲਾ ਦਰਜ ਕੀਤਾ ਹੈ। ਇਨ੍ਹਾਂ ਵਿੱਚੋਂ ਦਫਤਰ ਦੇ ਦੋ ਮੁਲਾਜ਼ਮਾਂ ਅਤੇ ਵਿਚੋਲੇ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ।
ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਘਪਲੇ ਵਿਚ ਉਕਤ ਸਾਰੇ ਦੋਸ਼ੀਆਂ ਦੀ ਸ਼ਮੂਲੀਅਤ ਸਾਹਮਣੇ ਆਈ ਹੈ । ਉਨ੍ਹਾਂ ਦੱਸਿਆ ਕਿ ਇਹ ਲੋਕ ਵੱਖ-ਵੱਖ ਵਾਹਨਾਂ ਨੂੰ ਫਿਟਨੈੱਸ ਸਰਟੀਫਿਕੇਟ ਜਾਰੀ ਕਰਨ ਬਦਲੇ ਏਜੰਟਾਂ ਤੋਂ ਕਥਿਤ ਰਿਸ਼ਵਤ ਲੈਂਦੇ ਸਨ।
ਉਨ੍ਹਾਂ ਦੱਸਿਆ ਕਿ ਟਰਾਂਸਪੋਰਟ ਵਿਭਾਗ ਦੇ ਨਿਯਮਾਂ ਅਨੁਸਾਰ ਸਾਰੇ ਵਪਾਰਕ ਵਾਹਨਾਂ ਨੂੰ ਸੜਕਾਂ ’ਤੇ ਚੱਲਣ ਲਈ ਆਰਟੀਏ ਦਫਤਰ ਤੋਂ ਫਿਟਨੈੱਸ ਸਰਟੀਫਿਕੇਟ ਲੈਣਾ ਪੈਂਦਾ ਹੈ ਅਤੇ ਅਜਿਹੇ ਸਾਰੇ ਵਾਹਨਾਂ ਨੂੰ ਦਸਤਾਵੇਜ਼ਾਂ ਸਮੇਤ ਐੱਮਵੀਆਈ ਦੁਆਰਾ ਆਪਣੇ ਦਫਤਰ ਵਿਖੇ ਮੌਕੇ ’ਤੇ ਨਿਰੀਖਣ ਕਰਨਾ ਹੁੰਦਾ ਹੈ।
ਇਹ ਅਧਿਕਾਰੀ ਏਜੰਟਾਂ ਅਤੇ ਵਿਚੋਲਿਆਂ ਦੀ ਕਥਿਤ ਮਿਲੀਭੁਗਤ ਨਾਲ ਵਾਹਨਾਂ ਦੀ ਮੌਕੇ ’ਤੇ ਫਿਜ਼ੀਕਲ ਵੈਰੀਫਿਕੇਸ਼ਨ ਕੀਤੇ ਬਿਨਾਂ ਵਾਹਨ ਦੇ ਮਾਡਲ ਦੇ ਹਿਸਾਬ ਨਾਲ 2800 ਰੁਪਏ ਤੋਂ ਲੈ ਕੇ 1000 ਰੁਪਏ ਪ੍ਰਤੀ ਵਾਹਨ ਕਥਿਤ ਰਿਸ਼ਵਤ ਦੇ ਬਦਲੇ ਫਿਟਨੈੱਸ ਸਰਟੀਫਿਕੇਟ ਜਾਰੀ ਕਰਦੇ ਆ ਰਹੇ ਹਨ। ਆਰਟੀਏ ਅਤੇ ਐੱਮਵੀਆਈ ਵੱਲੋਂ ਨਿਰਧਾਰਿਤ ਸਥਾਨ ’ਤੇ ਵਾਹਨ ਖੜੇ ਕਰਵਾਉਣ ਦੀ ਥਾਂ ਅਤੇ ਉਨ੍ਹਾਂ ਦੀ ਮੌਕੇ ’ਤੇ ਜਾਂਚ ਕੀਤੇ ਬਿਨਾਂ ਹੀ ਦਸਤਾਵੇਜ਼ਾਂ ਦੇ ਆਧਾਰ ’ਤੇ ਵਾਹਨਾਂ ਨੂੰ ਪਾਸ ਕੀਤਾ ਜਾ ਰਿਹਾ ਸੀ। ਇਸ ਮਾਮਲੇ ’ਚ ਵਿਜੀਲੈਂਸ ਬਿਊਰੋ ਨੇ ਮੌਕੇ ’ਤੇ ਹੀ 3 ਮੁਲਜ਼ਮਾਂ ਨੂੰ ਕਾਬੂ ਕਰ ਲਿਆ, ਜਿਨਾਂ ’ਚ ਧਰਮਿੰਦਰ ਪਾਲ ਉਰਫ ਬੰਟੀ (ਏਜੰਟ) ਵਾਸੀ ਸੰਗਰੂਰ, ਕਲਰਕ ਗੁਰਚਰਨ ਸਿੰਘ ਅਤੇ ਡਾਟਾ ਐਂਟਰੀ ਅਪਰੇਟਰ ਜਗਸੀਰ ਸਿੰਘ ਤੋਂ ਇਲਾਵਾ ਕਰੀਬ 40 ਹਜ਼ਾਰ ਰੁਪਏ ਕਥਿਤ ਰਿਸ਼ਵਤ ਦੀ ਰਾਸ਼ੀ ਅਤੇ ਸਬੰਧਤ ਕਈ ਦਸਤਾਵੇਜ਼ ਵੀ ਬਰਾਮਦ ਕੀਤੇ ਹਨ। ਆਰਟੀਏ ਰਵਿੰਦਰ ਸਿੰਘ ਗਿੱਲ, ਐੱਮਵੀਆਈ ਮਹਿੰਦਰ ਪਾਲ, ਕਲਰਕ ਗੁਰਚਰਨ ਸਿੰਘ,ਡਾਟਾ ਐਂਟਰੀ ਅਪਰੇਟਰ ਜਗਸੀਰ ਸਿੰਘ, ਧਰਮਿੰਦਰ ਪਾਲ ਉਰਫ ਬੰਟੀ ਅਤੇ ਸੁਖਵਿੰਦਰ ਸੁੱਖੀ ਦੋਵੇਂ ਵਿਚੋਲੇ ਅਤੇ ਹੋਰ ਪ੍ਰਾਈਵੇਟ ਏਜੰਟਾਂ ਵਿਰੁੱਧ ਵਿਜੀਲੈਂਸ ਬਿਊਰੋ ਦੇ ਥਾਣਾ ਪਟਿਆਲਾ ਵਿੱਚ ਕੇਸ ਦਰਜ ਕੀਤਾ ਗਿਆ ਹੈ। ਬੁਲਾਰੇ ਨੇ ਦੱਸਿਆ ਕਿ ਹੁਣ ਤੱਕ ਕੀਤੀ ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਇਹ ਗੋਰਖਧੰਦਾ 7-8 ਸਾਲਾਂ ਤੋਂ ਚੱਲ ਰਿਹਾ ਸੀ ਅਤੇ ਹਰ ਮਹੀਨੇ 2000-2500 ਤੋਂ ਵੱਧ ਵਾਹਨਾਂ ਨੂੰ ਫਿਟਨੈੱਸ ਸਰਟੀਫਿਕੇਟ ਜਾਰੀ ਕੀਤੇ ਜਾ ਰਹੇ ਸਨ, ਜਦਕਿ ਕਿ ਇੱਕ ਵਿਅਕਤੀ ਵੱਲੋਂ ਇੰਨੇ ਸਮੇਂ ਵਿੱਚ ਇੰਨੀ ਵੱਡੀ ਗਿਣਤੀ ’ਚ ਵਾਹਨਾਂ ਦਾ ਮੌਕੇ ’ਤੇ ਮੁਆਇਨਾ ਕਰਨਾ ਸੰਭਵ ਨਹੀਂ ਹੈ। ਇਸ ਸਮੇਂ ਦੌਰਾਨ ਹਰ ਮਹੀਨੇ ਅੰਦਾਜ਼ਨ 35-40 ਲੱਖ ਰੁਪਏ ਦੀ ਕਥਿਤ ਰਿਸ਼ਵਤ ਦੀ ਰਕਮ ਹਾਸਲ ਕੀਤੀ ਗਈ, ਜਿਸ ਨਾਲ ਇਹ ਮਾਮਲਾ ਕਰੋੜਾਂ ਰੁਪਏ ਵਿੱਚ ਜਾ ਸਕਦਾ ਹੈ।

