ਬਿਊਰੋ, ਪ੍ਰਾਈਮ ਪੋਸਟ ਪੰਜਾਬ
ਚੰਡੀਗੜ੍ਹ, 9 ਅਗਸਤ 2022 : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਾਤਲ ਇੱਕ ਨਵੇਂ ਮਾਮਲੇ ਵਿੱਚ ਫਸ ਗਏ ਹਨ। ਮਾਨਸਾ ਪੁਲਿਸ ਨੇ ਟਰਾਂਸਪੋਰਟਰ ‘ਤੇ ਗੋਲੀ ਚਲਾਉਣ ਦੇ ਮਾਮਲੇ ‘ਚ ਉਨ੍ਹਾਂ ਨੂੰ 4 ਦਿਨਾਂ ਦੇ ਰਿਮਾਂਡ ‘ਤੇ ਲਿਆ ਹੈ। ਇਨ੍ਹਾਂ ਵਿੱਚ ਸ਼ਾਰਪ ਸ਼ੂਟਰ ਪ੍ਰਿਆਵਰਤ ਫੌਜੀ ਅਤੇ ਕਸ਼ਿਸ਼ ਦੇ ਨਾਲ ਮੱਦਦ ਕਰਨ ਵਾਲਾ ਦੀਪਕ ਟੀਨੂੰ ਵੀ ਸ਼ਾਮਲ ਹੈ। ਹੁਣ ਉਨ੍ਹਾਂ ਤੋਂ ਟਰਾਂਸਪੋਰਟਰ ‘ਤੇ ਫਾਇਰਿੰਗ ਬਾਰੇ ਪੁੱਛਗਿੱਛ ਕੀਤੀ ਜਾਵੇਗੀ।
ਫਿਲਹਾਲ ਪੁਲਿਸ ਨੇ ਇਸ ਘਟਨਾ ਵਿੱਚ ਉਨ੍ਹਾਂ ਦੀ ਸ਼ਮੂਲੀਅਤ ਬਾਰੇ ਕੋਈ ਰਸਮੀ ਪੁਸ਼ਟੀ ਨਹੀਂ ਕੀਤੀ ਹੈ। ਫੌਜੀ ਅਤੇ ਕਸ਼ਿਸ਼ ਮੂਸੇਵਾਲਾ ਦੇ ਕਤਲ ਵਿੱਚ ਬਲੇੈਰੋ ਮਾਡਿਊਲ ਦਾ ਹਿੱਸਾ ਸਨ। ਜਿਸ ਦੀ ਅਗਵਾਈ ਫੌਜੀ ਨੇ ਕੀਤੀ। ਇਹ ਦੋਵੇਂ ਸ਼ੂਟਰ ਹਰਿਆਣਾ ਦੇ ਰਹਿਣ ਵਾਲੇ ਹਨ। 16 ਜੂਨ ਨੂੰ ਮਾਨਸਾ ਦੇ ਬਰੇਟਾ ‘ਚ ਹਰਿਆਣਾ ਦੀ ਉਕਲਾਨਾ ਮੰਡੀ ਦੇ ਟਰਾਂਸਪੋਰਟਰ ਕੁਲਦੀਪ ਕੁਮਾਰ ‘ਤੇ ਫਾਇਰਿੰਗ ਹੋਈ ਸੀ। ਕੁਲਦੀਪ ਨੂੰ ਗੋਲੀ ਲੱਗੀ ਪਰ ਉਹ ਭੱਜਣ ਵਿੱਚ ਕਾਮਯਾਬ ਹੋ ਗਿਆ। ਫਾਇਰਿੰਗ ਕਰਦੇ ਸਮੇਂ ਹਮਲਾਵਰਾਂ ਦੀ ਪਿਸਤੌਲ ਲੌਕ ( Lock ) ਹੋ ਗਈ ਸੀ, ਜਿਸ ਕਾਰਨ ਉਹ ਮੌਕੇ ਤੋਂ ਫਰਾਰ ਹੋ ਗਏ। ਕੁਲਦੀਪ ਨੇ ਦੋਸ਼ ਲਾਇਆ ਸੀ ਕਿ ਟਰਾਂਸਪੋਰਟਰ ਹੋਣ ਕਾਰਨ ਕਈ ਲੋਕਾਂ ਦੀ ਉਸ ਨਾਲ ਦੁਸ਼ਮਣੀ ਹੈ। ਇਸ ਲਈ ਉਸ ਨੂੰ ਮਾਰਨ ਲਈ ਸ਼ੂਟਰ ਭੇਜੇ ਗਏ। ਹਾਲਾਂਕਿ ਪੁਲਸ ਇਸ ਮਾਮਲੇ ‘ਚ ਅਜੇ ਤੱਕ ਖੁੱਲ੍ਹ ਕੇ ਕੁਝ ਨਹੀਂ ਕਹਿ ਰਹੀ ਹੈ।

