ਬਿਊਰੋ, ਪ੍ਰਾਈਮ ਪੋਸਟ ਪੰਜਾਬ
ਜਲੰਧਰ– ਜਲੰਧਰ ਵਿੱਚ ਅੱਜ ਵੀਰਵਾਰ ਨੂੰ ਦਿਨ ਦਿਹਾੜੇ ਯੂਕੋ ਬੈਂਕ ਤੋਂ 13 ਲੱਖ ਰੁਪਏ ਲੁੱਟ ਲਏ ਗਏ। ਇਹ ਵਾਰਦਾਤ ਜਲੰਧਰ ਦੇ ਸੋਢਲ ਰੋਡ ਸਥਿਤ ਇੰਡਸਟ੍ਰੀਅਲ ਏਰੀਆ ਵਿਚ ਯੂਕੋ ਬੈਂਕ ਵਿਚ ਹੋਈ। ਇਥੇ ਦੁਪਹਿਰ ਬਾਅਦ 4 ਨੌਜਵਾਨ ਹਥਿਆਰ ਲੈ ਕੇ ਬੈਂਕ ਵਿੱਚ ਦਾਖਲ ਹੋ ਗਏ ਅਤੇ ਮੁਲਾਜ਼ਮਾਂ ਅਤੇ ਬੈਂਕ ਵਿਚ ਮੌਜੂਦ ਲੋਕਾਂ ਨੂੰ ਬੰਧਕ ਬਣਾ ਕੇ ਲੁੱਟ ਤੋਂ ਬਾਅਦ ਫਰਾਰ ਹੋ ਗਏ।
ਬੈਂਕ ਮੁਲਾਜ਼ਮਾਂ ਨੇ ਦੱਸਿਆ ਕਿ ਲੁਟੇਰੇ 4 ਸਨ ਜਿੰਨ੍ਹਾਂ ਵਿਚੋਂ 2 ਦੇ ਕੋਲ ਪਿਸਤੌਲ ਸਨ। ਉਹ ਬ੍ਰਾਂਚ ਵਿਚ ਰੱਖੇ 13 ਲੱਖ ਰੁਪਏ ਕੈਸ਼ ਤੋਂ ਇਲਾਵਾ ਉਥੋਂ ਆਏ ਲੋਕਾਂ ਦੇ ਸੋਨੇ-ਚਾਂਦੀ ਦੇ ਗਹਿਣੇ ਵੀ ਉਤਰਵਾ ਕੇ ਲੈ ਗਏ। ਬੈਂਕ ਸਟਾਫ ਨੇ ਦੱਸਿਆ ਕਿ ਇੱਕ ਲੁਟੇਰੇ ਨੇ ਪਿਸਤੌਲ ਤਾਣ ਕੇ ਲੋਕਾਂ ਤੋਂ ਗਹਿਣੇ ਉਤਾਰਨ ਨੂੰ ਕਿਹਾ। ਬਦਮਾਸ਼ ਬੈਂਕ ਵਿੱਚ ਮੌਜੂਦ ਇਕ ਮਹਿਲਾ ਦੀ ਸੋਨੇ ਦੀ ਚੈਨ, ਕੰਗਣ ਅਤੇ ਅੰਗੂਠੀ ਉਤਰਵਾ ਕੇ ਲੈ ਗਏ। ਸਾਰੇ ਲੁਟੇਰਿਆਂ ਨੇ ਆਪਣੀ ਪਛਾਣ ਗੁਪਤ ਰੱਖਣ ਲਈ ਮੂੰਹ ‘ਤੇ ਮਾਸਕ ਲਗਾਏ ਹੋਏ ਸਨ।
ਸ਼ਹਿਰ ਦੇ ਭੀੜ-ਭਾੜ ਵਾਲੇ ਇਲਾਕੇ ਇੰਡਸਟ੍ਰੀਅਲ ਏਰੀਆ ਵਿੱਚ ਲੁੱਟ ਦੀ ਘਟਨਾ ਨਾਲ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਖੇਤਰ ਵਿੱਚ ਕਈ ਛੋਟੇ-ਵੱਡੇ ਉਦਯੋਗ ਹਨ ਉਨ੍ਹਾਂ ਦੇ ਮਾਲਕ ਅਤੇ ਪ੍ਰਬੰਧਕ ਵੀ ਲੁੱਟ ਦੀ ਖਬਰ ਤੋਂ ਬਾਅਦ ਦਹਿਸ਼ਤ ਵਿਚ ਆ ਗਏ ਹਨ। ਕਿਉਂਕਿ ਫੈਕਟਰੀਆਂ ਤੋਂ ਰੋਜ਼ਾਨਾ ਕੈਸ਼ ਬੈਂਕ ਵਿਚ ਜਮ੍ਹਾ ਹੋਣ ਲਈ ਵੀ ਜਾਂਦਾ ਹੈ ਅਤੇ ਦੇਣਦਾਰੀਆਂ ਲਈ ਬੈਂਕ ਤੋਂ ਕੈਸ਼ ਲਿਆ ਵੀ ਜਾਂਦਾ ਹੈ। ਘਟਨਾ ਤੋਂ ਬਾਅਦ ਬੈਂਕ ਮੁਲਾਜ਼ਮਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਬੈਂਕ ਪਹੁੰਚੀ ਪੁਲਿਸ ਨੇ ਉਥੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਆਪਣੇ ਕਬਜ਼ੇ ਵਿਚ ਲੈ ਲਈ।
ਲੁਟੇਰੇ ਨੇ ਕੈਸ਼ੀਅਰ ਦੇ ਕੈਬਿਨ ਤੱਕ ਪਹੁੰਚਣ ਲਈ ਉਥੇ ਲੱਗੇ ਸ਼ੀਸ਼ੇ ਨੂੰ ਤੋੜ ਦਿੱਤਾ। ਇਸ ਤੋਂ ਬਾਅਦ ਉਹ ਬੈਂਕ ਕੈਸ਼ੀਅਰ ਦੇ ਕੈਬਿਨ ਵਿਚ ਦਾਖਲ ਹੋ ਗਿਆ। ਉਥੇ ਰੱਖਿਆ ਸਾਰਾ ਕੈਸ਼ ਉਹ ਇਕ ਬੈਗ ਵਿਚ ਪਾ ਕੇ ਲੈ ਗਿਆ। ਪੁਲਿਸ ਨੇ ਬੈਂਕ ਵਿਚ ਫਾਰੈਂਸਿਕ ਟੀਮ ਨੂੰ ਵੀ ਬੁਲਾ ਲਿਆ ਹੈ। ਫਾਰੈਂਸਿਕ ਟੀਮ ਸ਼ੀਸ਼ੇ ‘ਤੇ ਲੱਗੇ ਲੁਟੇਰਿਆਂ ਫਿੰਗਰ ਪ੍ਰਿੰਟ ਦੀ ਜਾਂਚ ਬਾਇਓਮੈਟ੍ਰਿਕ ਸਕੈਨਰ ਦੀ ਮਦਦ ਨਾਲ ਕਰ ਰਹੀ ਹੈ। ਇਸ ਲੁੱਟ ਦੀ ਗੁੱਥੀ ਨੂੰ ਸੁਲਝਾਉਣ ਲਈ ਪੁਲਿਸ ਸਾਈਂਟਿਫਿਕ ਤਰੀਕਿਆਂ ਤੋਂ ਇਲਾਵਾ ਆਪਣੇ ਨੈਟਵਰਕ ਰਾਹੀਂ ਵੀ ਜਾਂਚ ਕਰ ਰਹੀ ਹੈ।
ਬੈਂਕ ‘ਚ ਚਾਰ ਲੁਟੇਰੇ ਦਾਖਲ ਹੋਏ ਸਨ। ਚਾਰੋ ਪੂਰੀ ਪਲਾਨਿੰਗ ਨਾਲ ਆਏ ਸਨ। ਚਾਰਾਂ ਵਿਚੋਂ ਦੋ ਦੇ ਹੱਥ ਵਿਚ ਪਿਸਤੌਲ ਸੀ। ਇਹ ਦੋਵੇਂ ਲੋਕਾਂ ਨੂੰ ਇਕ ਥਾਂ ‘ਤੇ ਇਕੱਠਾ ਕਰਕੇ ਬੰਧਕ ਬਣਾਉਣ ਦਾ ਕੰਮ ਕਰ ਰਹੇ ਸਨ। ਜਦੋਂ ਕਿ ਇਨ੍ਹਾਂ ਲੁਟੇਰਿਆਂ ਦੇ ਦੋ ਸਾਥੀਆਂ ਕੋਲ ਹਥਿਆਰ ਨਹੀਂ ਸਨ। ਉਹ ਸਿਰਫ ਬੈਂਕ ਤੋਂ ਕੈਸ਼ ਇਕੱਠਾ ਕਰ ਰਹੇ ਸਨ ਜਦੋਂ ਕਿ ਇਕ ਲੁਟੇਰਾ ਬੈਂਕ ਵਿਚ ਔਰਤਾਂ ਦੇ ਸੋਨੇ ਦੇ ਗਹਿਣੇ ਉਤਰਵਾ ਰਿਹਾ ਸੀ।

