ਬਿਉੂਰੋ, ਪ੍ਰਾਈਮ ਪੋਸਟ ਪੰਜਾਬ
ਮਲੋਟ : 1912 ਵਿੱਚ ਸਮੁੰਦਰ ‘ਚ ਡੁੱਬੇ ਟਾਈਟੈਨਿਕ ਨਾਂ ਦੇ ਜਹਾਜ਼ ਡੁੱਬਣ ਦੀ ਘਟਨਾ ਸਾਰੀ ਦੁਨੀਆ ਵਿਚ ਲੋਕ ਅੱਜ ਵੀ ਯਾਦ ਕਰਦੇ ਹਨ। ਆਈਸਬਰਗ ਨਾਲ ਟਕਰਾਉਣ ਕਾਰਨ ਪਹਿਲੀ ਯਾਤਰਾ ‘ਤੇ ਨਿਕਲੇ ਇਸ ਜਹਾਜ਼ ਦੇ ਦੋ ਟੁਕੜੇ ਹੋ ਗਏ ਸਨ ਤੇ ਲਗਭਗ 1500 ਲੋਕ ਮਾਰੇ ਗਏ ਸਨ। ਪੰਜਾਬ ਦੇ ਮਲੋਟ ਦੇ ਟ੍ਰੇਡ ਫੇਅਰ ਵਿਚ ਲੱਗਾ ਟਾਈਟੈਨਿਕ ਦਾ ਸ਼ਾਨਦਾਰ ਮਾਡਲ ਹਨ੍ਹੇਰੀ ਤੇ ਤੇਜ਼ ਮੀਂਹ ਕਾਰਨ ਟੁਕੜੇ-ਟੁਕੜੇ ਹੋ ਗਿਆ। ਸੈਂਕੜੇ ਲੋਕਾਂ ਨੇ ਇਹ ਨਜ਼ਾਰਾਂ ਆਪਣੀਆਂ ਅੱਖਾਂ ਨਾਲ ਦੇਖਿਆ ਤੇ ਕੈਮਰੇ ਵਿੱਚ ਕੈਦ ਕਰ ਲਿਆ।
ਮਲੋਟ ਦੀ ਅਨਾਜ ਮੰਡੀ ਵਿੱਚ ਮਲੋਟ ਟ੍ਰੇਡ ਫੇਅਰ ਚੱਲ ਰਿਹਾ ਹੈ। ਇਥੇ ਟਾਈਟੈਨਿਕ ਦਾ ਮਾਡਲ ਲੋਕਾਂ ਲਈ ਖਿੱਚ ਦਾ ਕੇਂਦਰ ਸੀ। ਐਤਵਾਰ ਨੂੰ ਆਏ ਤੇਜ਼ ਮੀਂਹ ਤੇ ਹਨ੍ਹੇਰੀ ਨਾਲ ਇਹ ਟੁੱਟ ਕੇ ਡਿੱਗ ਗਿਆ। ਇਸ ਨਾਲ ਲੱਖਾਂ ਦਾ ਨੁਕਸਾਨ ਹੋ ਗਿਆ। ਟ੍ਰੇਡ ਫੇਅਰ ਦੇ ਆਯੋਜਕ ਵਿਪਨ ਕੁਮਾਰ ਨਿਵਾਸੀ ਰੋਹਤਕ ਨੇ ਦੱਸਿਆ ਕਿ ਅਨਾਜ ਮੰਡੀ ਵਿੱਚ ਜੁਲਾਈ ਦੇ ਪਹਿਲੇ ਹਫਤੇ ਉਥੋਂ ਦੇ ਲੋਕਾਂ ਦੇ ਮਨੋਰੰਜਨ ਲਈ ਮੇਲਾ ਆਯੋਜਿਤ ਕੀਤਾ ਗਿਆ ਸੀ।
ਮੇਲੇ ਵਿੱਚ ਬਹੁਤ ਹੀ ਸ਼ਾਨਦਾਰ ਟਾਈਟੈਨਿਕ ਦੇ ਮਾਡਲ ਦਾ ਗੇਟ ਤਿਆਰ ਕੀਤਾ ਗਿਆ ਸੀ। ਇਹ 100 ਫੁੱਟ ਲੰਬਾ ਤੇ 35 ਫੁੱਟ ਚੌੜਾ ਸੀ। ਇਸ ਨੂੰ ਲੱਕੜੀ ਤੇ ਬਾਂਸਾਂ ਨਾਲ ਤਿਆਰ ਕੀਤਾ ਗਿਆ ਸੀ। ਦੋ ਹਜ਼ਾਰ ਤੋਂ ਵਧ ਬਾਂਸ ਇਸ ਨੂੰ ਬਣਾਉਣ ਵਿੱਚ ਲੱਗੇ ਸਨ । ਇਸ ਨੂੰ ਤਿਆਰ ਕਰਨ ਵਿਚ ਬਹੁਤ ਸਮਾਂ ਲੱਗਾ ਸੀ ਤੇ ਅਜੇ ਇਸ ਨੂੰ ਕਈ ਸਾਲਾਂ ਤੱਕ ਚਲਾਉਣਾ ਸੀ।
ਇਹ ਮਾਡਲ ਮੇਲੇ ਦਾ ਸਭ ਤੋਂ ਵੱਡਾ ਆਕਰਸ਼ਨ ਸੀ ਤੇ ਲੋਕ ਇਸ ਨੂੰ ਦੂਰ-ਦੂਰ ਤੋਂ ਦੇਖਣ ਆਉਂਦੇ ਸਨ ਪਰ ਐਤਵਾਰ ਨੂੰ ਪਏ ਤੇਜ਼ ਮੀਂਹ ਨੇ ਇਸ ਨੂੰ ਤੋੜ ਦਿੱਤਾ। ਪਰ ਉਸ ਪ੍ਰਮਾਤਮਾ ਦਾ ਸ਼ੁਕਰ ਹੈ ਕਿ ਇਸ ਦੇ ਹੇਠਾਂ ਆਉਣ ਨਾਲ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ। ਇਹ ਘਟਨਾ ਵਾਲੇ ਦਿਨ ਮੇਲੇ ਦਾ ਆਖਰੀ ਦਿਨ ਸੀ। ਆਖਰੀ ਦਿਨ ਹੀ ਇੰਨਾ ਨੁਕਸਾਨ ਹੋ ਗਿਆ।

