ਬਿਊਰੋ, ਪ੍ਰਾਈਮ ਪੋਸਟ ਪੰਜਾਬ
ਪਟਿਆਲਾ, 26 ਜੁਲਾਈ 2022 : ਪਿਛਲੇ ਦਿਨੀਂ ਹੋਈ ਈਟੀਟੀ ਦੀ 6635 ਨਵੀਂ ਭਰਤੀ ‘ਚ ਨਵ-ਨਿਯੁਕਤ ਅਧਿਆਪਕ ਜਸਵੀਰ ਸ਼ਰਮਾ ਜਿਸਦਾ ਕੱਲ੍ਹ ਐਕਸੀਡੈਂਟ ਹੋ ਗਿਆ ਸੀ, ਉਸਦੀ ਅੱਜ ਮੌਤ ਹੋ ਗਈ।
ਦੱਸਣਯੋਗ ਹੈ ਕਿ ਅਧਿਆਪਕ ਜਸਵੀਰ ਸ਼ਰਮਾ ਦਾ ਅਚਾਨਕ ਕੱਲ੍ਹ 25 ਜੁਲਾਈ 2022 ਨੂੰ ਐਕਸੀਡੈਂਟ ਹੋ ਗਿਆ ਸੀ ਜਿਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਸ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਸੀ। ਅੱਜ ਕਰੀਬ 12 ਵਜੇ ਉਸ ਅਧਿਆਪਕ ਦੀ ਚੰਡੀਗੜ੍ਹ ਵਿਖੇ ਇਲਾਜ ਦੌਰਾਨ ਮੌਤ ਹੋ ਗਈ। ਇਹ ਅਧਿਆਪਕ ਪਟਿਆਲਾ ਜਿਲ੍ਹੇ ਦੇ ਦੁੱਲੜ ਪਿੰਡ ਦਾ ਰਹਿਣ ਵਾਲਾ ਸੀ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਸ਼ਾਹਪੁਰ, ਬਲਾਕ ਸਮਾਣਾ -3 ਵਿੱਚ ਆਪਣੀ ਡਿਊਟੀ ਨਿਭਾ ਰਿਹਾ ਸੀ। ਉਸ ਦੀ ਬੇਵਕਤ ਮੌਤ ਨਾਲ ਸਾਰੇ ਹੀ ਅਧਿਆਪਕ ਵਰਗ ਨੂੰ ਬਹੁਤ ਡੂੰਘਾ ਸਦਮਾ ਲੱਗਿਆ।
ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀਟੀਐੱਫ) ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ, ਵਿੱਤ ਸਕੱਤਰ ਅਸ਼ਵਨੀ ਅਵਸਥੀ ਅਤੇ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਵੱਲੋਂ 6635 ਈਟੀਟੀ ਨਵੀਂ ਭਰਤੀ ਅਧੀਨ ਭਰਤੀ ਅਧਿਆਪਕ ਜਸਵੀਰ ਸ਼ਰਮਾ ਦੇ ਸੜਕ ਦੁਰਘਟਨਾ ਦਾ ਸ਼ਿਕਾਰ ਹੋਣ ਉਪਰੰਤ ਹੋਈ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਅਜਿਹੀਆਂ ਘਟਨਾਵਾਂ ਪਿੱਛੇ ਲੋਕ ਵਿਰੋਧੀ ਨਿਜ਼ਾਮ ਨੂੰ ਜ਼ਿੰਮੇਵਾਰ ਕਰਾਰ ਦਿੱਤਾ ਹੈ।
ਡੀਟੀਐੱਫ ਨੇ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਤੋਂ ਨਵ-ਨਿਯੁਕਤ ਅਧਿਆਪਕਾਂ ਨੂੰ ਉਨ੍ਹਾਂ ਦੇ ਰਿਹਾਇਸ਼ ਦੇ ਨੇੜੇ ਤੋਂ ਨੇੜੇ ਸਟੇਸ਼ਨ ਦੇਣ ਅਤੇ ਦੁਰਘਟਨਾਵਾਂ ਕਾਰਨ ਮੌਤ ਦੇ ਮੂੰਹ ਜਾਣ ਵਾਲੇ ਅਧਿਆਪਕਾਂ ਦੇ ਪੀਡ਼ਤ ਪਰਿਵਾਰਾਂ ਨੂੰ ਢੁੱਕਵੀਂ ਮੁਆਵਜ਼ਾ ਰਾਸ਼ੀ ਅਤੇ ਹੋਰ ਬਣਦੇ ਵਿਭਾਗੀ ਹੱਕ ਬਿਨਾਂ ਦੇਰੀ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਹੈ।
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਇਸੇ ਭਰਤੀ ਅਧੀਨ ਦੂਰ ਦਰਾਡੇ ਨਿਯੁਕਤ ਕੀਤੀ ਇੱਕ ਮਹਿਲਾ ਅਧਿਆਪਕਾ ਦੀ ਵੀ ਸੜਕ ਦੁਰਘਟਨਾ ਕਾਰਨ ਜਾਨ ਜਾ ਚੁੱਕੀ ਹੈ।

