ਲੋਕਾਂ ਨੇ ਸਰਕਾਰ ਬਦਲੀ ਪਰ ਸਰਕਾਰ ਨੇ ਕੰਮਕਾਰ ਦਾ ਤਰੀਕਾ ਨਹੀਂ ਬਦਲਿਆ : ਆਇਸਾ ਆਗੂ
ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਝੁਨੀਰ 19 ਜੁਲਾਈ 2022 : ਬੇਸ਼ੱਕ ਪੰਜਾਬ ਦੇ ਲੋਕਾਂ ਨੇ ਦੋ ਰਵਾਇਤੀ ਪਾਰਟੀਆਂ ਨੂੰ ਪਛਾੜ ਕੇ ਤੀਜਾ ਬਦਲ ਲਿਆਂਦਾ ਹੈ ਜਿਸ ਨਾਲ ਸਰਕਾਰ ਤਾਂ ਬਦਲ ਗਈ ਹੈ ਪਰ ਸਰਕਾਰੀ ਅਧਿਕਾਰੀਆਂ ਦੇ ਕੰਮਕਾਰ ਕਰਨ ਦੇ ਤਰੀਕੇ ਜਿਉਂ ਦੀ ਤਿਉਂ ਹੀ ਹਨ, ਜਿਸ ਦੀ ਤਾਜ਼ਾ ਉਦਾਹਰਣ ਜਲ ਸਪਲਾਈ ਵਿਭਾਗ ਵੱਲੋਂ ਬੋਹਾ ਰੋਡ ਝੁਨੀਰ ਵਿਖੇ ਕਈ ਦਿਨਾਂ ਤੋਂ ਪੁੱਟੇ ਡੂੰਘੇ ਖੱਡੇ ਤੋਂ ਮਿਲਦੀ ਹੈ ਜੋ ਰਸਤਾ ਝੁਨੀਰ ਤੋਂ ਬੋਹਾ ਬੁਢਲਾਡਾ ਬਰੇਟਾ ਆਦਿ ਨੂੰ ਜਾਂਦਾ ਹੈ। ਇਸ ਉਪਰ ਜਲ ਸਪਲਾਈ ਵਿਭਾਗ ਨੇ ਡੂੰਘਾ ਖੱਡਾ ਕਈ ਦਿਨ ਪਹਿਲਾਂ ਪੁੱਟ ਕੇ ਛੱਡ ਦਿੱਤਾ। ਜਿੱਥੇ ਪਿਛਲੇ ਦਸ ਦਿਨਾਂ ਤੋਂ ਲੋਕਾਂ ਦੇ ਘਰਾਂ ਵਿਚ ਪਾਣੀ ਨਹੀਂ ਜਾ ਰਿਹਾ ਉਥੇ ਕੋਈ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ । ਜਿਕਰ ਯੋਗ ਹੈ ਕਿ ਝੁਨੀਰ ਵਿਖੇ ਸਰਕਾਰੀ ਸੈਕੰਡਰੀ ਸਕੂਲ,ਸਰਕਾਰੀ ਪ੍ਰਾਇਮਰੀ ਸਕੂਲ, ਆਂਗਣਵਾੜੀ ਸੈਂਟਰ, ਸਰਕਾਰੀ ਹਾਈ ਸਕੂਲ ਲੜਕੀਆਂ, ਯੂਨੀਵਰਸਿਟੀ ਕੈਂਪਸ ਜਾਣ ਲਈ ਬੱਚੇ ਇਸ ਰਸਤੇ ਰਾਹੀਂ ਜਾਂਦੇ ਹਨ । ਚਿੰਤਾ ਦੀ ਗੱਲ ਇਹ ਹੈ ਕਿ ਵਿਭਾਗ ਵੱਲੋਂ ਆਉਣ ਜਾਣ ਵਾਲੇ ਰਾਹਗੀਰਾਂ ਦੇ ਬਚਾਓ ਲਈ ਕੋਈ ਵੀ ਬੈਰੀਗੇਟ ਨਹੀਂ ਕੀਤੀ ਗਈ ਜਿਸ ਨਾਲ ਆਉਣ ਜਾਣ ਵਾਲੇ ਰਾਹਗੀਰ ਸਾਵਧਾਨ ਹੋ ਜਾਣ ਵਿਭਾਗ ਦੀ ਨਲਾਇਕੀ ਕਾਰਨ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।

ਇਸ ਸਬੰਧੀ ਜਦੋਂ ਸਬੰਧਤ ਮਹਿਕਮੇ ਦੇ ਜੇਈ ਰਜਨੀਸ਼ ਗਰਗ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸੀਵਰੇਜ ਦੀ ਸਮੱਸਿਆ ਅਤੇ ਫੰਡਾਂ ਦੀ ਕਮੀ ਕਰਕੇ ਕੰਮ ਰੋਕ ਦਿੱਤਾ ਗਿਆ ਹੈ ਆਉਂਦੇ ਕੁਝ ਦਿਨਾਂ ਵਿੱਚ ਇਸ ਨੂੰ ਪੂਰਾ ਕਰ ਲਿਆ ਜਾਵੇਗਾ ।
ਇਸ ਸਬੰਧੀ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਸੂਬਾ ਆਗੂ ਸੁਖਜੀਤ ਸਿੰਘ ਰਾਮਾਂ ਨੰਦੀ ਨੇ ਕਿਹਾ ਕਿ ਵਿਦਿਆਰਥੀਆਂ ਅਤੇ ਆਮ ਲੋਕਾਂ ਦੀ ਖੱਜਲ ਖੁਆਰੀ ਲਈ ਸਬੰਧਤ ਮਹਿਕਮਾ ਅਤੇ ਸਰਕਾਰ ਜ਼ਿੰਮੇਵਾਰ ਹੈ ਲੋਕਾਂ ਨੇ ਰਵਾਇਤੀ ਪਾਰਟੀਆਂ ਨੂੰ ਬਦਲ ਕੇ ਜੋ ਨਵੀਂ ਸਰਕਾਰ ਲਿਆਂਦੀ ਹੈ ਸਰਕਾਰ ਤਾਂ ਜ਼ਰੂਰ ਬਦਲ ਗਈ ਹੈ ਪਰ ਸਰਕਾਰ ਤੇ ਅਧਿਕਾਰੀਆਂ ਦੇ ਕੰਮਕਾਰ ਕਰਨ ਦਾ ਤਰੀਕਾ ਨਹੀਂ ਬਦਲਿਆ ਪਰਨਾਲਾ ਉੱਥੇ ਦਾ ਉੱਥੇ ਹੀ ਹੈ ।











