ਬਿਊਰੋ, ਪ੍ਰਾਈਮ ਪੋਸਟ ਪੰਜਾਬ
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਸਤਲੁਜ-ਯਮੁਨਾ ਲਿੰਕ (SYL) ਨਹਿਰ ‘ਤੇ ਆਧਾਰਿਤ ਗੀਤ ਰਿਲੀਜ਼ ਹੋ ਗਿਆ ਹੈ। ਇਸ ਗੀਤ ਵਿੱਚ ਮੂਸੇਵਾਲਾ ਨੇ ਬਲਵਿੰਦਰ ਸਿੰਘ ਜਟਾਣਾ ਦਾ ਜ਼ਿਕਰ ਕੀਤਾ ਹੈ। ਸੁਣਨ ਵਾਲੇ ਸਰੋਤੇ ਇਹ ਸੋਚਦੇ ਹੋਣਗੇ ਕਿ ਇਹ ਬਲਵਿੰਦਰ ਜਟਾਣਾ ਕੌਣ ਹੈ ? ਉਸ ਦਾ ਇਸ ਗੀਤ ਨਾਲ ਕੀ ਸੰਬੰਧ ? ਕਹਿੰਦੇ ਹਨ ਕਿ ਜਦੋਂ ਜਦੋਂ ਵੀ ਪੰਜਾਬ ਤੇ ਕੋਈ ਮੁਸੀਬਤ ਆਈ ਹੈ ਤਾਂ ਕੋਈ ਬੱਬਰ ਸ਼ੇਰ ਉਸ ਮੁਸੀਬਤ ਦਾ ਜਵਾਬ ਦੇਣ ਲਈ ਸਾਹਮਣੇ ਆਉਂਦਾ ਹੈ , ਬਲਵਿੰਦਰ ਜਟਾਣਾ ਵੀ ਉਨ੍ਹਾਂ ਵਿਚੋਂ ਇਕ ਸੀ । ਜਟਾਣਾ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਚੰਡੀਗੜ੍ਹ ਵਿੱਚ ਦੋ ਅਫਸਰਾਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ, ਜਿਸ ਤੋਂ ਬਾਅਦ ਅਧਿਕਾਰੀ ਇੰਨੇ ਡਰ ਗਏ ਸਨ ਕਿ ਕੋਈ ਵੀ ਇਸ ਕੰਮ ਵਿੱਚ ਹੱਥ ਪਾਉਣ ਨੂੰ ਤਿਆਰ ਨਹੀਂ ਸੀ। ਜਿਸ ਕਰਕੇ ਪੰਜਾਬ ਵਿੱਚ ਸਤਲੁਜ-ਯਮੁਨਾ ਲਿੰਕ ਨਹਿਰ ਦਾ ਕੰਮ ਉਸ ਸਮੇਂ ਰੁਕ ਗਿਆ ਸੀ।

ਇਹ ਘਟਨਾ 23 ਜੁਲਾਈ 1990 ਦੀ ਹੈ। ਸਤਲੁਜ-ਯਮੁਨਾ ਲਿੰਕ ਨਹਿਰ ਦੀ ਉਸਾਰੀ ਨੂੰ ਲੈ ਕੇ ਚੰਡੀਗੜ੍ਹ ਦੇ ਸੈਕਟਰ-26 ਸਥਿਤ ਦਫ਼ਤਰ ਵਿੱਚ ਮੀਟਿੰਗ ਚੱਲ ਰਹੀ ਸੀ। ਇਸ ਰਾਹੀਂ ਪੰਜਾਬ ਦਾ ਪਾਣੀ ਹਰਿਆਣਾ ਅਤੇ ਦਿੱਲੀ ਨੂੰ ਜਾਣਾ ਸੀ ਜਦੋਂ ਮੀਟਿੰਗ ਹੋ ਰਹੀ ਸੀ ਤਾਂ ਰੋਪੜ ਦਾ ਰਹਿਣ ਵਾਲਾ ਬਲਵਿੰਦਰ ਜਟਾਣਾ ਬਲਬੀਰ ਸਿੰਘ ਫੌਜੀ, ਜਗਤਾਰ ਸਿੰਘ ਪਿੰਜੋਲਾ ਅਤੇ ਹਰਮੀਤ ਸਿੰਘ ਭਾਓਵਾਲ ਨਾਲ ਉਥੇ ਪਹੁੰਚ ਗਿਆ। ਦੱਸਿਆ ਜਾਂਦਾ ਹੈ ਕਿ ਜਟਾਣਾ ਨੇ ਉੱਥੇ ਪਹੁੰਚ ਕੇ ਐਸਵਾਈਐਲ ਦੇ ਚੀਫ ਇੰਜਨੀਅਰ ਅਤੇ ਸੁਪਰਡੈਂਟ ਇੰਜਨੀਅਰ ਐੱਮ. ਐੱਸ. ਸੀਕਰੀ ਅਤੇ ਅਵਤਾਰ ਔਲਖ ਨੂੰ ਸਾਥੀਆਂ ਸਮੇਤ ਮਾਰ ਦਿੱਤਾ।
ਬਲਵਿੰਦਰ ਜਟਾਣਾ ‘ਤੇ ਕਤਲ ਦਾ ਦੋਸ਼ ਲੱਗਾ। ਇਸ ਮਗਰੋਂ ਪੁਲਿਸ ਨੇ ਜਟਾਣਾ ਦੀ ਭਾਲ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਪੁਲਿਸ 30 ਨਵੰਬਰ 1991 ਨੂੰ ਉਸਦੇ ਘਰ ਪਹੁੰਚੀ, ਜਿੱਥੇ ਜਟਾਣਾ ਤਾਂ ਨਹੀਂ ਮਿਲਿਆ ਪਰ ਪਰਿਵਾਰ ਹੱਥ ਲੱਗ ਗਿਆ। ਜਟਾਣਾ ਦੀ ਸਾਥੀ ਨਿਰਪ੍ਰੀਤ ਕੌਰ ਨੇ ਦਾਅਵਾ ਕੀਤਾ ਕਿ ਉਸ ਵੇਲੇ ਇੱਕ ਪੂਹਲਾ ਨਿਹੰਗ ਦੀ ਮੱਦਦ ਨਾਲ ਜਟਾਣਾ ਦੀ ਦਾਦੀ ਦਵਾਰਕੀ ਕੌਰ, ਮਾਸੀ ਜਮਸ਼ੇਰ ਕੌਰ, ਭੈਣ ਮਨਪ੍ਰੀਤ ਕੌਰ ਅਤੇ ਭਤੀਜੇ ਸਿਮਰਨਜੀਤ ਸਿੰਘ ਨੂੰ ਪੁਲਿਸ ਨੇ ਜਿਊਂਦਾ ਸਾੜ ਦਿੱਤਾ ਸੀ। ਨਿਰਪ੍ਰੀਤ ਕੌਰ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਜਟਾਣਾ ਨੇ ਇੰਜੀਨੀਅਰਾਂ ਨੂੰ ਮਾਰਿਆ ਸੀ।

ਇਸ ਮਗਰੋਂ ਪੁਲਿਸ ਨੇ ਜਟਾਣਾ ਦੀ ਭਾਲ ਸ਼ੁਰੂ ਕਰ ਦਿੱਤੀ। ਜਟਾਣਾ ‘ਤੇ 16 ਲੱਖ ਦੇ ਇਨਾਮ ਦਾ ਐਲਾਨ ਕਰ ਦਿੱਤਾ । ਫਿਰ 4 ਸਤੰਬਰ 1991 ਨੂੰ ਜਟਾਣਾ ਆਪਣੇ ਸਾਥੀ ਚਰਨਜੀਤ ਸਿੰਘ ਚੰਨਾ ਨਾਲ ਪਿੰਡ ਸਾਧੂਗੜ੍ਹ ਵੱਲ ਜਾ ਰਿਹਾ ਸੀ। ਦੁਪਹਿਰ ਬਾਅਦ ਉਸ ਨੇ ਅੱਗੇ ਪੁਲਿਸ ਨਾਕਾ ਦੇਖਿਆ। ਉਹ ਭੱਜਣ ਲੱਗਾ ਤੇ ਪੁਲਿਸ ਨੇ ਉਸਨੂੰ ਗੋਲੀ ਮਾਰ ਕੇ ਐਨਕਾਉਂਟਰ ਕਰ ਦਿੱਤਾ।
ਬਲਵਿੰਦਰ ਸਿੰਘ ਜਟਾਣਾ ਦਾ ਸਬੰਧ ਬੱਬਰ ਖਾਲਸਾ ਨਾਲ ਸੀ। ਜਟਾਣਾ ਬੱਬਰ ਖਾਲਸਾ ਮੁਖੀ ਸੁਖਦੇਵ ਸਿੰਘ ਬੱਬਰ ਦੇ ਕਰੀਬੀ ਵਿਅਕਤੀਆਂ ਵਿੱਚ ਗਿਣਿਆ ਜਾਂਦਾ ਸੀ। ਇਸੇ ਕਾਰਨ ਜਟਾਣਾ ਨੂੰ ਪੰਜਾਬ ਦੇ ਮਾਲਵਾ ਖੇਤਰ ਦਾ ਲੈਫਟੀਨੈਂਟ ਜਨਰਲ ਬਣਾਇਆ ਗਿਆ। ਉਸ ਵੇਲੇ ਮਾਲਵਾ ਇਲਾਕੇ ਵਿਚ ਬੱਬਰ ਖਾਲਸਾ ਦੀਆਂ ਸਰਗਰਮੀਆਂ ਜਟਾਣਾ ਦੇ ਇਸ਼ਾਰੇ ‘ਤੇ ਹੀ ਚਲਦੀਆਂ ਸਨ।

ਨਿਰਪ੍ਰੀਤ ਕੌਰ ਨੇ ਕਿਹਾ ਕਿ ਜੇ ਜਟਾਣਾ ਨੇ ਇਹ ਕੰਮ ਨਾ ਕੀਤਾ ਹੁੰਦਾ ਤਾਂ ਪੰਜਾਬ ਨੂੰ ਇਸਦਾ ਖਮਿਆਜ਼ਾ ਭੁਗਤਣਾ ਪੈਣਾ ਸੀ ਤੇ ਪੰਜਾਬ ਦਾ ਪਾਣੀ ਚਲਾ ਜਾਂਦਾ। ਇਸ ਲਈ ਹੀ ਸਿੱਧੂ ਮੂਸੇਵਾਲਾ ਨੇ ਆਪਣੇ ਗੀਤ ‘SYL’ ਵਿੱਚ ਬਲਵਿੰਦਰ ਜਟਾਣਾ ਦਾ ਵਿਸ਼ੇਸ਼ ਜ਼ਿਕਰ ਕੀਤਾ ਹੈ ।

