ਨਿਊਜ਼ ਡੈਸਕ, ਪ੍ਰਾਈਮ ਪੋਸਟ ਪੰਜਾਬ
ਫਾਜ਼ਿਲਕਾ : ਵਿਜੀਲੈਂਸ ਵਿਭਾਗ ਨੇ ਸਰਕਾਰੀ ਹਸਪਤਾਲ ਫਾਜ਼ਿਲਕਾ ਦੇ ਕਲਰਕ ਨੂੰ 25 ਹਜ਼ਾਰ ਦੀ ਰਿਸ਼ਵਤ ਸਣੇ ਰੰਗੇ ਹੱਥੀਂ ਕਾਬੂ ਕੀਤਾ ਹੈ। ਹਸਪਤਾਲ ਦੀ ਕੰਟੀਨ ਦੇ ਸੰਚਾਲਕ ਨੇ ਵਿਜੀਲੈਂਸ ਵਿਭਾਗ ਨੂੰ ਸ਼ਿਕਾਇਤ ਕੀਤੀ ਸੀ, ਜਿਸ ਤੋਂ ਬਾਅਦ ਕਲਰਕ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਗਿਆ।
ਪੁਲਿਸ ਮੁਤਾਬਕ ਮੁੱਦਈ ਰਵਿੰਦਰ ਕੁਮਾਰ ਕੋਲ ਸਿਵਲ ਹਸਪਤਾਲ ਫਾਜ਼ਿਲਕਾ ਵਿਖੇ ਕੰਟੀਨ ਦਾ ਠੇਕਾ ਹੈ। ਉਸ ਵੱਲੋਂ ਜਣੇਪੇ ਲਈ ਸਿਵਲ ਹਸਪਤਾਲ ਵਿੱਚ ਦਾਖ਼ਲ ਗਰਭਵਤੀ ਔਰਤਾਂ ਨੂੰ ਸਰਕਾਰ ਵੱਲੋਂ ਦਿੱਤਾ ਜਾਂਦਾ ਮੁਫਤ ਖਾਣਾ ਅਤੇ ਸਿਵਲ ਹਸਪਤਾਲ ਵਿੱਚ ਹੋਣ ਵਾਲੀਆ ਮੀਟਿੰਗਾਂ ਦੌਰਾਨ ਖਾਣ-ਪੀਣ ਦੀਆਂ ਵਸਤੂਆਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ।ਇਸ ਦੇ ਬਿੱਲ ਧਰਮਵੀਰ ਅਕਾਊਂਟੈਂਟ ਸਿਵਲ ਹਸਪਤਾਲ ਫਾਜ਼ਿਲਕਾ ਵਲੋਂ ਪਾਸ ਕਰਵਾਏ ਜਾਂਦੇ ਹਨ। ਬਿਲਾਂ ਨੂੰ ਪਾਸ ਕਰਵਾਉਣ ਦੇ ਬਦਲੇ 30 ਹਜ਼ਾਰ ਦੀ ਰਿਸ਼ਵਤ ਮੰਗੀ ਗਈ ਸੀ। ਸੌਦਾ 25 ਹਜ਼ਾਰ ਵਿੱਚ ਮੁੱਕਿਆ। ਕੰਟੀਨ ਦੇ ਸੰਚਾਲਕ ਨੇ ਵਿਜੀਲੈਂਸ ਵਿਭਾਗ ਨੂੰ ਸ਼ਿਕਾਇਤ ਕੀਤੀ ਸੀ, ਜਿਸ ਤੋਂ ਬਾਅਦ ਕਲਰਕ ਨੂੰ 25 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਗਿਆ।
