
ਬਿਊਰੋ, ਪ੍ਰਾਈਮ ਪੋਸਟ ਪੰਜਾਬ
ਮੋਰਿੰਡਾ : ਮੋਰਿੰਡਾ ਵਿਖੇ ਮਹਾਰਾਣਾ ਪ੍ਰਤਾਪ ਚੌਕ ਦੇ ਕੋਲ ਸੋਨੀ ਮੋਟਰਜ਼ ਦੇ ਨੇੜੇ ਇਕ ਟਰੱਕ ਅਤੇ ਮੋਟਰਸਾਈਕਲ ‘ਚ ਹੋਏ ਦਰਦਨਾਕ ਹਾਦਸੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੱਖੋਮਾਜਰਾ ਵਿਖੇ ਰੋਲ ਨੰਬਰ ਲੈਣ ਜਾ ਰਹੀ ਵਿਦਿਆਰਥਣ ਦੀ ਮੌਤ ਹੋ ਗਈ। ਇਸ ਸਬੰਧੀ ਮੋਰਿੰਡਾ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੌਕੇ ’ਤੇ ਪਹੁੰਚੇ ਤਫਤੀਸ਼ੀ ਅਫ਼ਸਰ ਏਐੱਸਆਈ ਸੋਹਣ ਸਿੰਘ ਨੇ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੱਖੋਮਾਜਰਾ ਵਿਖੇ 12ਵੀਂ ਜਮਾਤ ‘ਚ ਪੜ੍ਹਦੀ ਪਿੰਡ ਅਰਨੌਲੀ ਦੀ ਇੱਕ ਵਿਦਿਆਰਥਣ ਪਰਮਪ੍ਰੀਤ ਕੌਰ ਪੁੱਤਰੀ ਹਰਦੀਪ ਸਿੰਘ ਸਕੂਲ ਵਿਖੇ ਆਪਣਾ ਰੋਲ ਨੰਬਰ ਲੈਣ ਜਾ ਰਹੀ ਸੀ ਕਿ ਉਕਤ ਹਾਦਸਾ ਵਾਪਰ ਗਿਆ।
ਉਨ੍ਹਾਂ ਦੱਸਿਆ ਕਿ ਹਾਦਸੇ ਤੋਂ ਬਾਅਦ ਜਦੋਂ ਟਰੱਕ ਚਾਲਕ ਨਾ ਰੁਕਿਆ ਤਾਂ ਲੋਕਾਂ ਨੇ ਉਸ ਨੂੰ ਅੱਗੇ ਜਾ ਕੇ ਕਾਬੂ ਕਰ ਲਿਆ। ਉਧਰ ਇਸ ਸਬੰਧੀ ਸੌਦਾਗਰ ਸਿੰਘ ਵਾਸੀ ਅਰਨੌਲੀ ਨੇ ਦੱਸਿਆ ਕਿ ਉਹ ਆਪਣੀ ਬੇਟੀ ਅਤੇ ਪਰਮਪ੍ਰੀਤ ਕੌਰ ਨੂੰ ਮੋਟਰਸਾਈਕਲ ’ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੱਖੋਮਾਜਰਾ ਲੈ ਕੇ ਜਾ ਰਿਹਾ ਸੀ ਕਿ ਮਹਾਰਾਣਾ ਪ੍ਰਤਾਪ ਚੌਕ ਤੋਂ ਅੱਗੇ ਸੋਨੀ ਮੋਟਰਜ਼ ਦੇ ਨੇੜੇ ਇਕ ਟਰੱਕ ਨੰਬਰ ਪੀ ਬੀ 12 ਐੱਚ 6390 ਨਾਲ ਹੋਏ ਹਾਦਸੇ ‘ਚ ਪਰਮਪ੍ਰੀਤ ਕੌਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਏਐੱਸਆਈ ਸੋਹਣ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਟਰੱਕ ਚਾਲਕ ਅਤੇ ਹਾਦਸਾਗ੍ਰਸਤ ਵਾਹਨ ਕਬਜ਼ੇ ਵਿਚ ਲੈ ਲਿਆ ਹੈ। ਲਾਸ਼ ਪੋਸਟਮਾਰਟਮ ਲਈ ਭੇਜ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਉੱਧਰ ਇਸ ਸਬੰਧੀ ਨਰਾਤਾ ਸਿੰਘ ਫੌਜੀ, ਰੋਸ਼ਨ ਸਿੰਘ, ਰਵਿੰਦਰ ਸਿੰਘ ਆਦਿ ਨੇ ਹਾਦਸਾਗ੍ਰਸਤ ਟਰੱਕ ’ਤੇ ਸਵਾਲ ਕਰਦਿਆਂ ਕਿਹਾ ਕਿ ਇਸ ਟਰੱਕ ਦੀ ਬਾਡੀ ਮੌਡੀਫਾਈ ਕੀਤੀ ਹੋਈ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਉਧਰ ਪਿੰਡ ਅਰਨੌਲੀ ਦੇ ਸਰਪੰਚ ਬਲਵਿੰਦਰ ਸਿੰਘ, ਸਾਬਕਾ ਸਰਪੰਚ ਦਵਿੰਦਰ ਕੌਰ ਅਤੇ ਹਰਪ੍ਰੀਤ ਕੌਰ, ਗੁ. ਕਮੇਟੀ ਪ੍ਰਧਾਨ ਸੁਰਿੰਦਰ ਸਿੰਘ, ਕਮਲਜੀਤ ਸਿੰਘ ਅਰਨੌਲੀ ਸਰਪੰਚ ਭੁਪਿੰਦਰ ਸਿੰਘ ਮੁੰਡੀਆਂ ਆਦਿ ਇਲਾਕਾ ਵਾਸੀਆਂ ਨੇ ਸਰਕਾਰ ਤੋਂ ਪੀੜਤ ਪਰਿਵਾਰ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।

