ਸੰਜੀਵ ਜਿੰਦਲ / ਰੋਹਿਨ ਜਿੰਦਲ
ਮਾਨਸਾ , 20 ਅਪ੍ਰੈਲ ( ਪ੍ਰਾਈਮ ਪੋਸਟ ਪੰਜਾਬ ) : ਪੰਜਾਬ ਅੰਦਰ ਆਏ ਦਿਨ ਕਰਜ਼ੇ ਕਾਰਨ ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ‘ਚ ਅੱਜ ਇੱਕ ਹੋਰ ਕਿਸਾਨ ਦਾ ਨਾਮ ਜੁੜ ਗਿਆ।ਪ੍ਰਾਪਤ ਜਾਣਕਾਰੀ ਅਨੁਸਾਰ ਮਾਨਸਾ ਦੇ ਪਿੰਡ ਭਾਦੜਾ ਦੇ ਕਿਸਾਨ ਮੱਖਣ ਸਿੰਘ (42) ਪੁੱਤਰ ਝੰਡਾ ਸਿੰਘ ਵੱਲੋਂ ਕਣਕ ਦਾ ਝਾੜ ਘੱਟ ਨਿਕਲਣ ਤੋਂ ਦੁਖੀ ਹੋ ਕੇ ਅਤੇ ਕਰਜ਼ੇ ਦਾ ਭਾਰ ਨਾ ਝਲਦਿਆਂ ਖੁਦਕੁਸ਼ੀ ਕਰ ਲਈ।
ਮਿਲੀ ਜਾਣਕਾਰੀ ਅਨੁਸਾਰ ਮੱਖਣ ਸਿੰਘ (42 ਸਾਲ) ਪੁੱਤਰ ਝੰਡਾ ਸਿੰਘ ਨੰਬਰਦਾਰ ਜੋ ਕਿ ਬੁਢਲਾਡਾ ਵਿਖੇ ਸ਼ੈਲਰ ਵਿੱਚ ਮੁਨੀਮ ਵਜੋਂ ਕੰਮ ਕਰਦਾ ਸੀ ਤੇ ਨਾਲ-ਨਾਲ ਖੇਤੀਬਾੜੀ ਵੀ ਕਰਦਾ ਸੀ।ਇਸ ਵਾਰ ਕਣਕ ਦਾ ਝਾੜ ਘੱਟ ਨਿਕਲਣ ਕਾਰਨ ਕਈ ਦਿਨਾਂ ਤੋਂ ਪ੍ਰੇਸ਼ਾਨ ਸੀ,ਜਿਸ ਨੇ ਸਵੇਰ ਸਮੇਂ ਆਪਣੇ ਖੇਤ ਜਾ ਕੇ ਫਾਹਾ ਲਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।ਮ੍ਰਿਤਕ ਆਪਣੇ ਪਿੱਛੇ ਵਿਧਵਾ ਪਤਨੀ, ਦੋ ਨਾਬਾਲਗ ਬੱਚੇ ਬੇਟਾ ਤੇ ਬੇਟੀ ਛੱਡ ਗਿਆ ਹੈ।ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬੁਢਲਾਡਾ ਵਿਖੇ ਭੇਜਿਆ ਗਿਆ ਅਤੇ ਥਾਣਾ ਸਦਰ ਬੁਢਲਾਡਾ ਦੀ ਪੁਲਿਸ ਵੱਲੋਂ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।
ਜਾਣਕਾਰੀ ਦਿੰਦਿਆ ਥਾਣਾ ਸਦਰ ਬੁਢਲਾਡਾ ਦੇ ਏਐਸਆਈ ਆਤਮਾ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਵੱਲੋਂ ਪੁਲਿਸ ਕੋਲ ਦਰਜ ਕਰਵਾਏ ਬਿਆਨ ਚ ਦੱਸਿਆ ਕਿ ਮੱਖਣ ਸਿੰਘ ਆਪਣੀ 4 ਕਨਾਲ ਜ਼ਮੀਨ ਸਮੇਤ ਆਪਣੇ ਪਿਤਾ ਦੀ 12 ਕਨਾਲ ਜਮੀਨ ਤੇ ਵੀ ਖੇਤੀ ਕਰਦਾ ਸੀ ਅਤੇ ਉਹ ਬੁਢਲਾਡਾ ਵਿਖੇ ਇੱਕ ਸ਼ੈਲਰ ਚ ਮੁਨੀਮ ਦਾ ਕੰਮ ਕਰਕੇ ਆਪਣੇ ਦੋ ਬੱਚਿਆ ਸਮੇਤ ਸਾਰੇ ਪਰਿਵਾਰ ਦਾ ਪੇਟ ਪਾਲ ਰਿਹਾ ਸੀ ।ਇਸ ਵਾਰ ਕਣਕ ਦਾ ਝਾੜ ਘਟਣ ਕਰਕੇ ਉਹ ਆਪਣੇ ਸਿਰ ਲੱਖਾਂ ਰੁਪਏ ਦੇ ਕਰਜਾ ਹੋਣ ਕਰਕੇ ਕਈ ਦਿਨ੍ਹਾਂ ਤੋਂ ਪਰੇਸ਼ਾਨ ਰਹਿੰਦਾ ਸੀ।ਇਸੇ ਪ੍ਰੇਸ਼ਾਨੀ ਕਾਰਨ ਉਸਨੇ ਆਪਣੇ ਖੇਤਾਂ ਵਿਖੇ ਜਾ ਕੇ ਖੁਦਕੁਸ਼ੀ ਕਰ ਲਈ।ਪੁਲਿਸ ਵੱਲੋਂ ਬਣਦੀ ਕਾਰਵਾਈ ਤਹਿਤ ਲਾਸ਼ ਦਾ ਪੋਸਟ ਮਾਰਟਮ ਕਰਵਾ ਕੇ ਮ੍ਰਿਤਕ ਦੇਹ ਵਾਰਸਾ ਹਵਾਲੇ ਕਰ ਦਿੱਤੀ ਹੈ।
ਪਿੰਡ ਦੀ ਸਰਪੰਚ ਸੁਖਜੀਤ ਕੌਰ, ਸੁਖਪਾਲ ਸਿੰਘ, ਸਾਬਕਾ ਸਰਪੰਚ ਜਗਸੀਰ ਸਿੰਘ ਅਤੇ ਕਿਸਾਨ ਯੂਨੀਅਨ ਦੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਮ੍ਰਿਤਕ ਨੌਜਵਾਨ ਕਿਸਾਨ ਦੇ ਪਰਿਵਾਰ ਨੂੰ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।

