ਬਿਉੂਰੋ, ਪ੍ਰਾਈਮ ਪੋਸਟ ਪੰਜਾਬ
ਭਿੱਖੀਵਿੰਡ – ਪੰਜਾਬ ਵਿਚ ਲਗਾਤਾਰ ਵਾਰਦਾਤਾਂ ਵਧ ਰਹੀਆਂ ਹਨ ਤੇ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਬੇਰਹਿਮੀ ਨਾਲ ਨੌਜਵਾਨਾਂ ਦੇ ਕਤਲ ਕੀਤੇ ਜਾ ਰਹੇ ਹਨ ਪਰ ਸੂਬਾ ਸਰਕਾਰ ਵੱਲੋਂ ਇਸ ਤੇ ਕੋਈ ਵੀ ਠੋਸ ਕਦਮ ਨਹੀਂ ਚੁੱਕਿਆ ਗਿਆ ਜਿਸ ਨਾਲ ਸ਼ਰਾਰਤੀ ਅਨਸਰਾਂ ਦੇ ਹੌਸਲੇ ਬੁਲੰਦ ਹੁੰਦੇ ਜਾ ਰਹੇ ਹਨ । ਇਸੇ ਤਰ੍ਹਾਂ ਥਾਣਾ ਭਿੱਖੀਵਿੰਡ ਅਧੀਨ ਆਉਂਦੇ ਪਿੰਡ ਕਲਸੀਆਂ ਵਿਖੇ 50 ਰੁਪਏ ਦੇ ਲੈਣ ਦੇਣ ਨੂੰ ਲੈ ਕੇ ਇੱਟ ਮਾਰ ਕੇ ਨੌਜਵਾਨ ਦਾ ਕਤਲ ਕਰ ਦੇਣ ਦੀ ਘਟਨਾ ਸਾਹਮਣੇ ਆਈ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਗੁਰਸਾਹਿਬ ਸਿੰਘ ਉਰਫ ਬੱਗਾ ਪੁੱਤਰ ਰਾਜ ਸਿੰਘ ਵਾਸੀ ਕਲਸੀਆਂ ਵਜੋਂ ਹੋਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਦੇ ਭਰਾ ਜਸਕਰਨ ਸਿੰਘ ਪੁੱਤਰ ਰਾਜ ਸਿੰਘ ਨੇ ਦੱਸਿਆ ਕਿ ਉਹ ਅਤੇ ਉਸਦਾ ਗੁਆਂਢੀ ਕੁਲਦੀਪ ਸਿੰਘ ਪੁੱਤਰ ਸਰਵਨ ਸਿੰਘ ਪਿੰਡ ਭੁੱਚਰ ਵਿਖੇ ਵਾਟਰ ਸਪਲਾਈ ਦੀ ਪੈ ਰਹੀ ਪਾਇਪ ਲਾਈਨ ’ਤੇ ਠੇਕੇਦਾਰ ਨਾਲ ਦਿਹਾੜੀ ਦਾ ਕੰਮ ਕਰਦੇ ਹਨ। ਇਕ ਦਿਨ ਠੇਕੇਦਾਰ ਵੱਲੋਂ ਜਦੋਂ ਦਿਹਾੜੀ ਦਿੱਤੀ ਗਈ ਤਾਂ ਕੁਲਦੀਪ ਸਿੰਘ ਵੱਲੋਂ ਉਸ ਦੀ ਦਿਹਾੜੀ ਦੇ ਪੈਸਿਆਂ ਵਿਚੋਂ 50 ਰੁਪਏ ਵੱਧ ਰੱਖ ਲਏ। ਬੀਤੀ ਰਾਤ ਜਦੋਂ ਉਕਤ ਨੌਜਵਾਨ ਕੁਲਦੀਪ ਸਿੰਘ ਪਾਸੋਂ ਜਸਕਰਨ ਸਿੰਘ ਵੱਲੋਂ ਉਸ ਦੇ ਪੈਸਿਆਂ ਵਿਚੋਂ ਵੱਧ ਰੱਖੇ ਪੈਸੇ ਵਾਪਸ ਮੰਗੇ ਤਾਂ ਉਕਤ ਨੌਜਵਾਨ ਆਪਣੇ ਹੋਰ ਸਾਥੀਆਂ ਨੂੰ ਨਾਲ ਲੈ ਕੇ ਉਨ੍ਹਾਂ ਦੇ ਗਲ ਪੈ ਗਿਆ।
ਆਸ ਪਾਸ ਦੇ ਲੋਕਾਂ ਨੇ ਮਸਲੇ ਨੂੰ ਠੰਡਾ ਕੀਤਾ ਤਾਂ ਬਾਅਦ ਵਿੱਚ ਉਕਤ ਰੰਜਿਸ਼ ਨੂੰ ਲੈ ਕੇ ਤੈਸ਼ ਵਿੱਚ ਆਏ ਕੁਲਦੀਪ ਸਿੰਘ, ਸ਼ੇਰਾ ਸਿੰਘ ,ਤਾਰਾ ਸਿੰਘ,ਸਰਵਣ ਸਿੰਘ ਅਤੇ ਗੋਸ਼ਾ ਨਾਮਕ ਵਿਅਕਤੀ ਮੇਰੇ ਛੋਟੇ ਭਰਾ ਗੁਰਸਾਹਿਬ ਸਿੰਘ ਉਰਫ ਬੱਗਾ ਨੂੰ ਘਰੋਂ ਧੂਹ ਕੇ ਲੈ ਗਏ। ਉਨ੍ਹਾਂ ਨੇ ਗੁਰਸਾਹਿਬ ਦੇ ਸਿਰ ਵਿੱਚ ਇੱਟਾਂ ਮਾਰ-ਮਾਰ ਕੇ ਉਸਦਾ ਕਤਲ ਕਰ ਦਿੱਤਾ। ਮ੍ਰਿਤਕ ਨੌਜਵਾਨ ਦੇ ਭਰਾ ਜਸਕਰਨ ਸਿੰਘ ਅਤੇ ਭੂਆ ਜੋਗਿੰਦਰ ਕੌਰ ਨੇ ਭਿੱਖੀਵਿੰਡ ਪੁਲਸ ਪਾਸੋਂ ਮੰਗ ਕੀਤੀ ਕਿ ਉਕਤ ਦੋਸ਼ੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰ ਕੇ ਉਨ੍ਹਾਂ ਨੂੰ ਇਨਸਾਫ ਦਿਵਾਇਆ ਜਾਵੇ।
ਇਸ ਮਾਮਲੇ ਸਬੰਧੀ ਉਪ ਪੁਲਸ ਕਪਤਾਨ ਭਿੱਖੀਵਿੰਡ ਤਰਸੇਮ ਮਸੀਹ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਉਸਦਾ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਪੱਟੀ ਵਿਖੇ ਭੇਜ ਦਿੱਤਾ। ਮ੍ਰਿਤਕ ਗੁਰਸਾਹਿਬ ਸਿੰਘ ਉਰਫ ਬੱਗੋ ਦੇ ਪਰਿਵਾਰ ਦੇ ਬਿਆਨਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।

