ਪ੍ਰਾਈਮ ਪੋਸਟ ਪੰਜਾਬ ਨਿਊਜ਼
ਸੰਜੀਵ ਜਿੰਦਲ / ਰੋਹਿਨ ਜਿੰਦਲ
ਮਾਨਸਾ, 28 ਮਾਰਚ 2022 : ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਦੀਆਂ ਹਦਾਇਤਾਂ ਅਤੇ ਮੁੱਖ ਖੇਤੀਬਾੜੀ ਅਫਸਰ ਮਾਨਸਾ ਡਾ. ਮਨਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਖੇਤੀਬਾੜੀ ਵਿਭਾਗ ਵੱਲੋਂ ਬਲਾਕ ਖੇਤੀਬਾੜੀ ਅਫਸਰ ਡਾ. ਮਨੋਜ਼ ਕੁਮਾਰ ਦੀ ਅਗਵਾਈ ਵਿੱਚ ਆਤਮਾ ਸਕੀਮ ਅਧੀਨ ਪਿੰਡ ਗੇਹਲੇ ਵਿਖੇ ਖੇਤ ਦਿਵਸ ਮਨਾਇਆ ਗਿਆ।
ਕਿਸਾਨਾਂ ਨੂੰ ਸੰਬੋਧਨ ਕਰਦਿਆਂ ਡਾ. ਮਨੋਜ ਕੁਮਾਰ ਨੇ ਕਿਸਾਨਾਂ ਨੂੰ ਫਸਲੀ ਵਿਭਿੰਨਤਾ ਵਿੱਚ ਛੋਲਿਆਂ ਦੀ ਮਹੱਤਤਾ ਬਾਰੇ ਦੱਸਿਆ ਅਤੇ ਕਿਸਾਨਾਂ ਨੂੰ ਭਵਿੱਖ ਵਿੱਚ ਆਪਣੇ ਖੇਤਾਂ ਵਿੱਚ ਥੋੜਾ ਰਕਬਾ ਛੋਲਿਆਂ ਦਾ ਲਾਉਣ ਲਈ ਪ੍ਰੇਰਿਆ।ਉਨ੍ਹਾਂ ਦੱਸਿਆ ਕਿ ਝੁਲਸ ਰੋਗ ਤੋਂ ਬਚਣ ਲਈ ਛੋਲਿਆਂ ਦੀ ਬਿਜਾਈ ਲਗਭਗ 5 ਇੰਚ ਡੂੰਘੀ ਕਰੋ ਅਤੇ ਬਿਜਾਈ ਤੋਂ ਇੱਕ ਮਹੀਨੇ ਤੱਕ ਬਿਲਕੁਲ ਵੀ ਪਾਣੀ ਨਾ ਲਗਾਇਆ ਜਾਵੇ।ਉਨ੍ਹਾਂ ਦੱਸਿਆ ਕਿ ਛੋਲਿਆਂ ਨੂੰ ਹਰੇ ਛੋਲੂਏ ਦੇ ਤੌਰ `ਤੇ ਵੇਚ ਕੇ ਵੀ ਕਿਸਾਨ ਚੰਗਾ ਮੁਨਾਫਾ ਕਮਾ ਸਕਦੇ ਹਨ।
ਇਸ ਮੌਕੇ ਡਾ. ਪ੍ਰਦੀਪ ਸਿੰਘ ਨੇ ਕਿਸਾਨਾਂ ਨੂੰ ਕਣਕ ਦੀ ਵਾਢੀ ਤੋਂ ਬਾਅਦ ਮੱਕੀ ਅਤੇ ਮੂੰਗੀ ਦੀ ਬਿਜਾਈ ਕਰਨ ਬਾਰੇ ਜਾਣਕਾਰੀ ਦਿੱਤੀ।ਉਨ੍ਹਾਂ ਦੱਸਿਆ ਕਿ ਮੂੰਗੀ ਦੀ ਬਿਜਾਈ ਜਿੱਥੇ ਵਿਹਲੀ ਰੁੱਤ ਦੌਰਾਨ ਆਮਦਨ ਦਾ ਸਾਧਨ ਹੈ ਉੱਥੇ ਹੀ ਜ਼ਮੀਨ ਵਿੱਚ ਹਰੀ ਖਾਦ ਦੇ ਤੌਰ `ਤੇ ਵੀ ਜਮੀਨ ਨੂੰ ਸਿਹਤਮੰਦ ਬਣਾਉਦੀ ਹੈ।ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਝੋਨੇ ਦੀ ਫਸਲ ਤੋਂ ਪਹਿਲਾਂ ਖਾਲੀ ਜ਼ਮੀਨਾਂ ਵਿੱਚ ਪਾਣੀ ਛੱਡਕੇ ਪਾਣੀ ਅਤੇ ਬਿਜਲੀ ਦੀ ਬਰਬਾਦੀ ਨਾ ਕੀਤੀ ਜਾਵੇ।
ਖੇਤੀਬਾੜੀ ਵਿਕਾਸ ਅਫਸਰ ਡਾ. ਮਨਦੀਪ ਸਿੰਘ ਨੇ ਕਿਹਾ ਕਿ ਆਉਣ ਵਾਲੀ ਰੁੱਤ ਵਿੱਚ ਨਰਮੇ ਦੀ ਫਸਲ ਨੂੰ ਕਾਮਯਾਬ ਕਰਨ ਲਈ ਪਿੰਡਾਂ ਵਿੱਚ ਪਈਆਂ ਛਟੀਆਂ ਨੂੰ ਖਤਮ ਕੀਤਾ ਜਾਵੇ ਕਿਉਕਿ ਇਹਨਾਂ ਟੀਡਿਆਂ ਵਿੱਚ ਗੁਲਾਬੀ ਸੰੁਡੀ ਦਾ ਲਾਰਵਾ ਜਿਉਦਾ ਮੋਜ਼ੂਦ ਹੈ। ਨਾਲ ਹੀ ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਨਰਮੇ ਦਾ ਬੀਜ ਲੋਕਲ ਮਾਰਕਿਟ ਵਿੱਚੋਂ ਪੱਕੇ ਬਿਲ `ਤੇ ਖਰੀਦਿਆ ਜਾਵੇ ਅਤੇ ਕਿਸੇ ਝਾਂਸੇ ਵਿੱਚ ਆ ਕੇ ਬਾਹਰੋਂ ਬੀਜ ਨਾ ਲਿਆਂਦਾ ਜਾਵੇ।
ਬਲਾਕ ਟੈਕਨੋਲੋਜ਼ੀ ਮੈਨੇਜਰ ਪਰਾਗਦੀਪ ਸਿੰਘ ਨੇ ਖੇਤੀ ਵਿਭਿੰਨਤਾ ਅਪਣਾਉਣ ਲਈ ਅਗਾਂਹਵਧੂ ਕਿਸਾਨ ਬਲਵਿੰਦਰ ਸਿੰਘ ਦੀ ਸ਼ਲਾਘਾ ਕਰਦੇ ਹੋਏ ਬਾਕੀ ਕਿਸਾਨਾਂ ਵੀਰਾਂ ਨੂੰ ਫਸਲੀ ਚੱਕਰ ਚੋਂ ਨਿਕਲਣ ਲਈ ਪ੍ਰੇਰਿਆ ਅਤੇ ਸਮੂਹ ਕਿਸਾਨਾਂ ਵੀਰਾਂ ਦਾ ਧੰਨਵਾਦ ਕੀਤਾ।ਇਸ ਮੌਕੇ ਏ.ਐਸ.ਆਈ. ਹਰਚੇਤ ਸਿੰਘ, ਲਕਸ਼ਦੀਪ ਕੌਰ ਅਤੇ ਹੋਰ ਕਿਸਾਨ ਮੋਜ਼ੂਦ ਸਨ।

