ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ ਨਿਉੂਜ਼ )
ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਨੂੰ ਆਪਣੀ ਵਜ਼ਾਰਤ ਵਿੱਚ ਵਿਭਾਗਾਂ ਦੀ ਵੰਡ ਕਰ ਦਿੱਤੀ ਹੈ। ਇਸ ਵਿਚ ਕੁਲਦੀਪ ਸਿੰਘ ਧਾਲੀਵਾਲ ਨੂੰ ਦਿਹਾਤੀ ਵਿਕਾਸ ਤੇ ਪੰਚਾਇਤ ਵਿਭਾਗ ਦਿੱਤਾ ਗਿਆ ਹੈ। ਉਨ੍ਹਾਂ ਮੁੱਖ ਮੰਤਰੀ ਦਾ ਧੰਨਵਾਦ ਕਰਦੇ ਹੋਇਆ ਆਖਿਆ ਹੈ ਕਿ ਉਹ ਇਮਾਨਦਾਰੀ ਨਾਲ ਕੰਮ ਕਰਨਗੇ।
ਉਨ੍ਹਾਂ ਕਿਹਾ ਕਿ ਇਸ ਸਮੇਂ ਵੱਡੀਆਂ ਚੁਣੌਤੀਆਂ ਹਨ। ਪਹਿਲੀਆਂ ਸਰਕਾਰਾਂ ਤੇ ਪੰਚਾਇਤਾਂ ਵਿੱਚ ਵੱਡੇ ਘਪਲੇ ਹੋਏ ਹਨ। ਵਿਕਾਸ ਦੇ ਨਾਮ ਉਤੇ ਕਰੋੜਾਂ ਰੁਪਏ ਖਰਾਬ ਹੋਏ। ਜਿਹੜੇ ਪੈਸੇ ਸਰਪੰਚ ਖਾ ਗਏ, ਉਨ੍ਹਾਂ ਦੀ ਜਾਂਚ ਕਰਾਂਗੇ। ਇਸ ਤੋਂ ਬਾਅਦ ਸਖਤ ਕਾਰਵਾਈ ਵੀ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਇਹ ਲੋਕਾਂ ਦਾ ਪੈਸਾ ਹੈ ਤੇ ਸਰਪੰਚ ਨੂੰ ਕੀ ਅਧਿਕਾਰ ਹੈ ਕਿ ਉਹ ਲੋਕਾਂ ਦਾ ਪੈਸਾ ਛਕ ਜਾਵੇ। ਜੇਕਰ ਕਿਸੇ ਹਲਕੇ ਦੇ ਐਮਐਲਏ ਨਾਲ ਵੀ ਰਲ ਕੇ ਖਾਧੇ ਹੋਣਗੇ, ਤਾਂ ਵੀ ਕਾਰਵਾਈ ਹੋਵੇਗੀ। ਉਨ੍ਹਾਂ ਕਿਹਾ ਕਿ ਮੈਂ ਖੁਦ ਸਰਪੰਚ ਰਿਹਾ ਹਾਂ। ਮੈਨੂੰ ਪਤਾ ਹੈ ਕੁਝ ਲੋਕ ਕੀ ਕਰਦੇ ਹਨ। ਪੰਚਾਇਤੀ ਰਾਜ ਨੂੰ ਲੀਹਾਂ ਉਤੇ ਲਿਆਵਾਂਗੇ।
ਉਨ੍ਹਾਂ ਕਿਹਾ ਕਿ ਪੰਚਾਇਤ ਕੋਲ ਬੜੀਆਂ ਤਾਕਤਾਂ ਹਨ ਪਰ ਕਈ ਸਰਪੰਚਾਂ ਨੂੰ ਇਸ ਬਾਰੇ ਪਤਾ ਹੀ ਨਹੀਂ। ਇਸ ਲਈ ਸਭ ਨੂੰ ਜਾਗਰੂਕ ਕੀਤਾ ਜਾਵੇਗਾ। ਇਸ ਦੌਰਾਨ ਵਿੱਤ ਮੰਤਰੀ ਬਣੇ ਹਰਪਾਲ ਚੀਮਾ ਨੇ ਆਖਿਆ ਹੈ ਕਿ ਜੋ ਖ਼ਜ਼ਾਨਾ ਹਮੇਸ਼ਾ ਖਾਲੀ ਸੀ, ਉਸ ਨੂੰ ਭਰਾਂਗੇ, ਬੇਰੁਜ਼ਗਾਰੀ ਤੇ ਭ੍ਰਿਸ਼ਟਾਚਾਰ ‘ਤੇ ਕੰਮ ਪਹਿਲ ਦੇ ਆਧਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਚੋਰ-ਮੋਰੀਆਂ ਨੂੰ ਬੰਦ ਕੀਤਾ ਜਾਵੇਗਾ। ਪੰਜਾਬ ਦਾ ਖਜਾਨਾ ਮੁੜ ਭਰੇਗਾ।
ਉਧਰ, ਸਿਖਿਆ ਮੰਤਰੀ ਬਣੇ ਮੀਤ ਹੇਅਰ ਨੇ ਆਖਿਆ ਹੈ ਕਿ ਜੋ ਕੰਮ ਪਹਿਲੀਆਂ ਸਰਕਾਰ ਤੋਂ ਨਹੀਂ ਹੋਏ, ਹੁਣ ਹੋਣਗੇ। ਸੂਕਲਾਂ ਵਿਚ ਚੰਗੇ ਪ੍ਰਬੰਧ ਹੋਣਗੇ । ਸਿੱਖਿਆ ਪ੍ਰਣਾਲੀ ਨੂੰ ਬਿਹਤਰ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਅਧਿਆਪਕਾਂ ਦੀਆਂ ਭਰਤੀਆਂ ਕੀਤੀਆਂ ਜਾਣਗੀਆਂ। ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਵੱਲ ਵੀ ਕੰਮ ਹੋਣਗੇ।

