ਬਿਉੂਰੋ, ਪ੍ਰਾਈਮ ਪੋਸਟ ਪੰਜਾਬ ਨਿਊਜ਼
ਅਜਨਾਲਾ : ਤਹਿਸੀਲ ਅਜਨਾਲਾ ਦੇ ਸਰਹੱਦੀ ਪਿੰਡ ਖਾਨਵਾਲ ਵਿੱਚ ਪ੍ਰੇਮ ਸਬੰਧਾਂ ਕਾਰਨ ਇੱਕ ਵਿਆਹੁਤਾ ਔਰਤ ਤੇ ਕੁਆਰੇ ਨੌਜਵਾਨ ਨੇ ਜ਼ਹਿਰ ਨਿਗਲ ਕੇ ਖ਼ੁਦਕੁਸ਼ੀ ਕਰ ਲਈ। ਪ੍ਰੇਮ ਸਬੰਧ ਸਿਰੇ ਨਾ ਚੜ੍ਹਦੇ ਵੇਖ ਦੋਵਾਂ ਨੇ ਖ਼ੁਦਕੁਸ਼ੀ ਕਰ ਲਈ। ਇਲਾਕੇ ਵਿੱਚ ਦੋਵਾਂ ਦੇ ਇਸ ਕਦਮ ਕਾਰਨ ਹਰੇਕ ਕੋਈ ਪਰੇਸ਼ਾਨ ਹੈ।
ਪੁਲਿਸ ਨੂੰ ਦਿੱਤੇ ਬਿਆਨ ਵਿੱਚ ਸਰਬਜੀਤ ਸਿੰਘ ਹਰੜ ਨੇ ਦੱਸਿਆ ਕਿ ਉਸ ਦਾ ਵਿਆਹ ਕਰੀਬ 8 ਸਾਲ ਪਹਿਲਾਂ ਬਲਜਿੰਦਰ ਕੌਰ ਖਾਨਵਾਲ ਨਾਲ ਹੋਇਆ ਸੀ। ਉਨ੍ਹਾਂ ਦੇ ਘਰ ਹੁਣ ਤੱਕ ਕੋਈ ਬੱਚਾ ਨਹੀਂ ਹੋਇਆ। ਉਸ ਨੇ ਅੱਗੇ ਦੱਸਿਆ ਕਿ ਬੀਤੀ ਦਿਨੀਂ ਉਸ ਦੀ ਪਤਨੀ ਬਲਜਿੰਦਰ ਕੌਰ ਆਪਣੇ ਮਾਪੇ ਘਰ ਖਾਨਵਾਲ ਗਈ ਸੀ। ਇਸ ਤੋਂ ਬਾਅਦ ਰਾਤ ਨੂੰ ਪਤਾ ਲੱਗਾ ਕਿ ਉਸ ਨੇ ਜ਼ਹਿਰ ਨਿਗਲ ਕੇ ਖ਼ੁਦਕੁਸ਼ੀ ਕਰ ਲਈ ਹੈ।ਦੂਜੇ ਪਾਸੇ ਮ੍ਰਿਤਕ ਨੌਜਵਾਨ ਬੱਗਾ ਸਿੰਘ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਬੱਗਾ ਤੇ ਬਲਜਿੰਦਰ ਕੌਰ ਦੀ ਆਪਸੀ ਗੱਲਬਾਤ ਚੱਲ ਰਹੀ ਸੀ। ਕੁਝ ਦਿਨਾਂ ਮਗਰੋਂ ਬੱਗਾ ਸਿੰਘ ਦਾ ਵਿਆਹ ਹੋ ਰਿਹਾ ਸੀ ਪਰ ਬੀਤੀ ਰਾਤ ਬੱਗਾ ਸਿੰਘ ਤੇ ਬਲਜਿੰਦਰ ਕੌਰ ਨੇ ਜ਼ਹਿਰ ਖਾ ਕੇ ਖ਼ੁਦਕੁਸ਼ੀ ਕਰ ਲਈ।

ਇਸ ਵਾਰਦਾਤ ਦੀ ਜਾਣਕਾਰੀ ਮਿਲਣ ਉਤੇ ਪੁੱਜੀ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਥਾਣਾ ਅਜਨਾਲਾ ਦੇ ਸਬ ਇੰਸਪੈਕਟਰ ਨਰਪਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਪੁਲਿਸ ਨੂੰ ਸੂਚਨਾ ਮਿਲੀ ਸੀ। ਮੁੱਢਲੀ ਜਾਂਚ ਤੋਂ ਇਹ ਮਾਮਲਾ ਪ੍ਰੇਮ ਸਬੰਧਾਂ ਦਾ ਮਾਮਲਾ ਲੱਗ ਰਿਹਾ ਹੈ। ਇਸ ਸਬੰਧ ਪੁਲਿਸ ਨੇ ਦੋਵਾਂ ਦਾ ਪੋਸਟਮਾਰਟਮ ਕਰਵਾਉਣ ਪਿੱਛੋਂ ਅਗਲੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ ।

