ਬਿਊਰੋ ਪ੍ਰਾਈਮ ਪੋਸਟ ਪੰਜਾਬ ਨਿਊਜ਼
ਲੁਧਿਆਣਾ : ਹੋਲਾ ਮੁਹੱਲਾ ਵਿਖੇ ਸ੍ਰੀ ਅਨੰਦਪੁਰ ਸਾਹਿਬ ਮੱਥਾ ਟੇਕ ਕੇ ਵਾਪਸ ਪਰਤ ਰਹੇ ਅੰਮ੍ਰਿਤਸਰ ਦੇ ਪਰਿਵਾਰ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਦੌਰਾਨ ਹਾਦਸੇ ਵਿੱਚ ਇਕ ਵਿਅਕਤੀ ਦੀ ਮੌਤ ਹੋ ਗਈ ਜਦੋਂਕਿ ਕੁਝ ਲੋਕ ਜ਼ਖਮੀ ਹੋ ਗਏ। ਪੁਲਿਸ ਨੇ ਅਣਪਛਾਤੇ ਟਰੱਕ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਅੰਮ੍ਰਿਤਸਰ ਦੇ ਧਾਰੀਵਾਲ ਕਲੇਰ ਦੇ ਰਹਿਣ ਵਾਲੇ ਹਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਸਦੇ ਪਿਤਾ ਗੁਰਦੀਪ ਸਿੰਘ, ਮਾਤਾ ਗੁਰਜੀਤ ਕੌਰ, ਮਾਮਾ ਸੁਖਜੀਤ ਸਿੰਘ ਅਤੇ ਮਾਮੀ ਹਰਜਿੰਦਰ ਕੌਰ ਆਪਣੀ ਕਾਰ ਬਰੇਜ਼ਾ ਵਿੱਚ ਆਨੰਦਪੁਰ ਸਾਹਿਬ ਤੋਂ ਅੰਮ੍ਰਿਤਸਰ ਵਾਪਸ ਆ ਰਹੇ ਸਨ। ਜਦੋਂ ਉਹ ਦਿੱਲੀ ਨੈਸ਼ਨਲ ਹਾਈਵੇਅ ਤੇ ਪਿੰਡ ਜੋਗੀਆਣਾ ਕੋਲ ਪਹੁੰਚੇ ਤਾਂ ਪਸ਼ੂਆਂ ਨਾਲ ਭਰੇ ਟਰੱਕ ਦੇ ਡਰਾਈਵਰ ਨੇ ਪਹਿਲਾਂ ਉਸ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ ਅਤੇ ਬਾਅਦ ਵਿੱਚ ਗੱਡੀ ਦੇ ਉੱਪਰੋਂ ਪਲਟ ਗਈ। ਇਸ ਦੌਰਾਨ ਜ਼ਖਮੀਆਂ ਨੂੰ ਸਿਵਲ ਹਸਪਤਾਲ ਲੁਧਿਆਣਾ ਲਿਜਾਇਆ ਗਿਆ, ਜਿੱਥੇ ਪਿਤਾ ਗੁਰਦੀਪ ਸਿੰਘ ਦੀ ਮੌਤ ਹੋ ਗਈ ਹੈ, ਜਦਕਿ ਉਸ ਦੀ ਮਾਤਾ, ਮਾਮਾ ਅਤੇ ਮਾਮੀ ਜ਼ਖਮੀ ਹੋ ਗਏ ਹਨ।
ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਥਾਣਾ ਸਾਹਨੇਵਾਲ ਦੀ ਪੁਲਿਸ ਨੇ ਅਣਪਛਾਤੇ ਟਰੱਕ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਮਾਮਲੇ ਦੇ ਜਾਂਚ ਅਧਿਕਾਰੀ ਏ. ਐੱਸ. ਆਈ. ਪੂਰਨ ਸਿੰਘ ਨੇ ਦੱਸਿਆ ਕਿ ਵਾਹਨ ਨੰਬਰ ਦੀ ਮਦਦ ਨਾਲ ਟਰੱਕ ਚਾਲਕ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

