ਬਿਊਰੋ, ਪ੍ਰਾਈਮ ਪੋਸਟ ਪੰਜਾਬ ਨਿਊਜ਼
ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਚੋਣਾਂ ਤੋਂ ਪਹਿਲਾਂ ਨਵੀਂ ਬਣਾਈ ਪੰਜਾਬ ਲੋਕ ਕਾਂਗਰਸ ਪਾਰਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ 5 ਰਾਜਾਂ ਵਿੱਚ ਪਿਛਲੇ ਦਿਨੀਂ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਦੇ ਮਾੜੇ ਪ੍ਰਦਰਸ਼ਨ ਲਈ ਗਾਂਧੀ ਪਰਿਵਾਰ ਨੂੰ ਜਿ਼ੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਹਾਈਕਮਾਂਡ ਨੇ ‘ਅਸਥਿਰ’ ਨਵਜੋਤ ਸਿੰਘ ਸਿੱਧੂ ਅਤੇ ‘ਭ੍ਰਿਸ਼ਟ’ ਚਰਨਜੀਤ ਸਿੰਘ ਚੰਨੀ ਵਰਗੇ ਆਗੂਆਂ ਦੀ ਹਮਾਇਤ ਕਰ ਕੇ ਪੰਜਾਬ ਵਿੱਚ ਆਪਣੀ ਕਬਰ ਖੁਦ ਪੁੱਟ ਲਈ ਸੀ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਵਰਕਿੰਗ ਕਮੇਟੀ ਆਪਣੀ ਗਲਤੀ ਮੰਨਣ ਦੀ ਥਾਂ ਸਾਡੀ ਪਾਰਟੀ ਉੱਤੇ ਦੋਸ਼ ਲਾਉਣ ਦੀ ਕੋਸਿ਼ਸ਼ ਕਰ ਰਹੀ ਹੈ, ਪਰ ਕਾਂਗਰਸ ਸਿਰਫ਼ ਪੰਜਾਬ ਵਿੱਚ ਨਹੀਂ, ਉੱਤਰ ਪ੍ਰਦੇਸ਼, ਉੱਤਰਾਖੰਡ, ਗੋਆ ਤੇ ਮਨੀਪੁਰ ਵਿੱਚ ਵੀ ਚੋਣਾਂ ਹਾਰੀ ਹੈ।ਉਨ੍ਹਾ ਕਿਹਾ ਕਿ ਗਾਂਧੀ ਪਰਿਵਾਰ ਆਪਣੀ ਲੀਡਰਸਿ਼ਪ ਸਮਰੱਥਾ ਪੂਰੀ ਤਰ੍ਹਾਂ ਗੁਆ ਚੁੱਕਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅੱਜ ਕਾਂਗਰਸ ਦੇ ਕਈ ਸੀਨੀਅਰ ਆਗੂ ਨਵਜੋਤ ਸਿੰਘ ਸਿੱਧੂ ਉੱਤੇ ਕਾਂਗਰਸ ਦੇ ਅੰਦਰੂਨੀ ਕਲੇਸ਼ ਤੇ ਮਾੜੀ ਕਾਰਗੁਜ਼ਾਰੀ ਦਾ ਦੋਸ਼ ਲਾ ਰਹੇ ਹਨ, ਪਰ ਹਕੀਕਤ ਇਹ ਹੈ ਕਿ ਸਰਹੱਦੀ ਰਾਜ ਵਿੱਚ ਕਾਂਗਰਸ ਨੇ ਆਪਣੀ ਕਬਰ ਉਦੋਂ ਪੁੱਟੀ, ਜਦੋਂ ਇਸ ਨੇ ‘ਅਸਥਿਰ ਅਤੇ ਹੰਕਾਰੀ’ ਸਿੱਧੂ ਅਤੇ ‘ਭ੍ਰਿਸ਼ਟ’ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਸੀ।ਉਨ੍ਹਾ ਕਿਹਾ ਕਿ ਕਾਂਗਰਸ ਵਰਕਿੰਗ ਕਮੇਟੀ ਦੇ ਆਗੂ ਜੋ ਦਾਅਵਾ ਕਰਦੇ ਸਨ ਕਿ ਉਨ੍ਹਾਂ ਦੀ ਸਰਕਾਰ ਦੇ ਖਿਲਾਫ ਇੱਕ ਮਜ਼ਬੂਤ ਸੱਤਾ-ਵਿਰੋਧੀ ਲਹਿਰ ਹੈ, ਉਹ ਭੁੱਲ ਗਏ ਹਨ ਕਿ ਮੇਰੀ ਸਰਕਾਰ ਨੇ 2017 ਤੋਂ ਅੱਜ ਤੱਕ ਹਰ ਚੋਣ ਜਿੱਤੀ ਹੈ ਅਤੇ ਸ਼ਹਿਰੀ ਚੋਣਾਂ ਪਿਛਲੇ ਫਰਵਰੀ 2021 ਵਿੱਚ ਹੀ ਜਿੱਤੀਆਂ ਸਨ।
ਕਾਂਗਰਸ ਵਰਕਿੰਗ ਕਮੇਟੀ ਉੱਤੇ ਹਮਲਾ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਸ਼ਰਾਰਤੀ ਅਨਸਰ ਸਾਡੇ ਉੱਤੇ ਦੋਸ਼ ਲਾ ਕੇ ਪਰਿਵਾਰ ਨੂੰ ਬਚਾਉਣ ਦੀ ਕੋਸਿ਼ਸ਼ ਕਰ ਰਹੇ ਹਨ ਤੇ ਕੰਧ ਉੱਤੇ ਲਿਖੀਆਂ ਲਿਖਤਾਂ ਦੀ ਅੰਨ੍ਹੇਵਾਹ ਪਾਲਣਾ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਮੌਜੂਦਾ ਸਿਸਟਮ ਵਿੱਚ ਕਾਂਗਰਸ ਦਾ ਕੋਈ ਭਵਿੱਖ ਨਹੀਂ।
ਅਮਰਿੰਦਰ ਸਿੰਘ ਨੇ ਕਿਹਾ ਕਿ ਮੈਂ ਹਰ 15 ਦਿਨਾਂ ਪਿੱਛੋਂ ਸਰਕਾਰ ਦੀ ਰਿਪੋਰਟ ਪਾਰਟੀ ਦੀ ਕਾਰਜਕਾਰੀ ਪ੍ਰਧਾਨ ਸੋਨੀਆ ਗਾਂਧੀ ਨੂੰ ਭੇਜਦਾ ਸਾਂ, ਇੱਕ ਵਾਰ ਵੀ ਉਨ੍ਹਾਂ ਨੇ ਮੇਰੇ ਵੱਲ ਉਂਗਲ ਨਹੀਂ ਉਠਾਈ। ਕੈਪਟਨ ਨੇ ਦੁਹਰਾਇਆ ਕਿ ਮੈਂ ਅਸਤੀਫਾ ਦੇਣ ਤੋਂ ਤਿੰਨ ਹਫ਼ਤੇ ਪਹਿਲਾਂ ਮੁੱਖ ਮੰਤਰੀ ਦਾ ਅਹੁਦਾ ਛੱਡ ਦੇਣ ਦੀ ਪੇਸ਼ਕਸ਼ ਕੀਤੀ ਸੀ, ਪਰ ਸੋਨੀਆ ਗਾਂਧੀ ਨੇ ਜ਼ੋਰ ਦੇ ਕੇ ਕਿਹਾ ਸੀ ਕਿ ਮੈਂ 2022 ਦੀਆਂ ਚੋਣਾਂ ਵਿੱਚ ਪਾਰਟੀ ਦੀ ਅਗਵਾਈ ਕਰਾਂ।
Disclaimer: This article is provided for informational purposes only. The information should not be taken to represent the opinions, policy, or views of Prime Post Punjab News , nor any of its staff, employees, or affiliates.

