ਡਿਪਟੀ ਕਮਿਸ਼ਨਰ ਨਵਜੋਤ ਕੌਰ ਵੱਲੋਂ ਡਰੱਗ ਹੋਟ ਸਪੋਟ ਖੇਤਰਾਂ ਵਿੱਚ ਸੁਧਾਰ ਲਿਆਉਣ ਲਈ ਚੱਲ ਰਹੀ ਮੁਹਿੰਮ ਦੀ ਪ੍ਰਗਤੀ ਦਾ ਜਾਇਜ਼ਾ
ਵਿਭਾਗੀ ਅਧਿਕਾਰੀਆਂ ਨੂੰ ਆਪਸੀ ਤਾਲਮੇਲ ਨਾਲ ਠੋਸ ਉਪਰਾਲੇ ਕਰਨ ਦੀ ਹਦਾਇਤ
ਸੰਬੰਧਿਤ ਪਿੰਡਾਂ ਅਤੇ ਸ਼ਹਿਰਾਂ ਵਿੱਚ ਜਾਗਰੂਕਤਾ ਗਤੀਵਿਧੀਆਂ ਤੇਜ਼ ਕੀਤੀਆਂ ਜਾਣ: ਕ੍ਰਿਤਿਕਾ ਗੋਇਲ
ਸੰਜੀਵ ਜਿੰਦਲ
ਮਾਨਸਾ, 3 ਨਵੰਬਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਹੇਠ ਨਸ਼ਾ ਹੋਟ ਸਪੋਟ ਖੇਤਰਾਂ ਨੂੰ ਨਸ਼ਾ ਮੁਕਤ ਕਰਨ ਲਈ ਚਲਾਈ ਜਾ ਰਹੀ 60 ਰੋਜ਼ਾ ਵਿਸ਼ੇਸ਼ ਮੁਹਿੰਮ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਨੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਵਧੇਰੇ ਸਰਗਰਮ ਹੋਣ ਦੀ ਹਦਾਇਤ ਕੀਤੀ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਆਯੋਜਿਤ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨਵਜੋਤ ਕੌਰ ਨੇ ਇਹਨਾਂ ਖੇਤਰਾਂ ਦੇ ਸਰਵਪੱਖੀ ਵਿਕਾਸ ਅਤੇ ਕਾਇਆ-ਕਲਪ ਲਈ ਵੱਖ-ਵੱਖ ਵਿਭਾਗਾਂ ਨੂੰ ਆਪਸੀ ਤਾਲਮੇਲ ਨਾਲ ਠੋਸ ਉਪਰਾਲੇ ਕਰਨ ਲਈ ਆਖਿਆ।
ਡਿਪਟੀ ਕਮਿਸ਼ਨਰ ਨਵਜੋਤ ਕੌਰ ਨੇ ਵਿਭਾਗਾਂ ਦੁਆਰਾ ਆਰੰਭੀਆਂ ਗਤੀਵਿਧੀਆਂ ਦੀ ਪ੍ਰਗਤੀ ਦਾ ਸਮੀਖਿਆਤਮਕ ਜਾਇਜ਼ਾ ਲਿਆ । ਡਿਪਟੀ ਕਮਿਸ਼ਨਰ ਨੇ ਹਦਾਇਤ ਕੀਤੀ ਕਿ ਸ਼ਹਿਰੀ ਅਤੇ ਪੇਂਡੂ ਨਸ਼ਾ ਪ੍ਰਭਾਵਿਤ ਹੋਟ ਸਪੋਟ ਖੇਤਰਾਂ ਵਿੱਚ ਉਸਾਰੂ ਅਤੇ ਸੁਧਾਰਾਤਮਕ ਗਤੀਵਿਧੀਆਂ ਬਿਨਾਂ ਕਿਸੇ ਰੁਕਾਵਟ ਦੇ ਚਲਾਈਆਂ ਜਾਣ ਅਤੇ ਸਰਕਾਰ ਦੀਆਂ ਵਿਕਾਸ ਯੋਜਨਾਵਾਂ ਨੂੰ ਜ਼ਮੀਨੀ ਪੱਧਰ ‘ਤੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਜਾਵੇ।
ਡਿਪਟੀ ਕਮਿਸ਼ਨਰ ਨੇ ਹੋਟ ਸਪੋਟ ਖੇਤਰਾਂ ਦੇ ਵਸਨੀਕਾਂ ਨੂੰ ਮੁੱਖ ਧਾਰਾ ਨਾਲ ਜੋੜਨ ਲਈ ਬਹੁ-ਪੱਖੀ ਰਣਨੀਤੀ ਅਪਣਾਉਣ ‘ਤੇ ਜ਼ੋਰ ਦਿੱਤਾ। ਉਨ੍ਹਾਂ ਹਦਾਇਤ ਕੀਤੀ ਕਿ ਇਨ੍ਹਾਂ ਇਲਾਕਿਆਂ ਵਿੱਚ ਸਿੱਖਿਆ-ਅਧਾਰਤ ਜਾਗਰੂਕਤਾ ਉਪਰਾਲੇ, ਖੇਡ ਗਤੀਵਿਧੀਆਂ, ਕਿੱਤਾਮੁਖੀ ਕੋਰਸਾਂ ਦੀ ਸਿਖਲਾਈ, ਪਸ਼ੂ ਪਾਲਣ ਸਿਖਲਾਈ ਕੈਂਪ ਅਤੇ ਸਿਹਤ ਸੰਭਾਲ ਨਾਲ ਸਬੰਧਤ ਵਿਸ਼ੇਸ਼ ਕੈਂਪ ਆਯੋਜਿਤ ਕੀਤੇ ਜਾਣ। ਇਸ ਤੋਂ ਇਲਾਵਾ ਲੋੜਵੰਦਾਂ ਤੇ ਬੇਰੋਜ਼ਗਾਰਾਂ ਨੂੰ ਆਤਮ-ਨਿਰਭਰ ਬਣਾਉਣ ਲਈ ਬੈਂਕਾਂ ਰਾਹੀਂ ਆਸਾਨ ਕਰਜ਼ਾ ਸੁਵਿਧਾ ਉਪਲਬਧ ਕਰਵਾਉਣ ਅਤੇ ਨਸ਼ਾ ਪੀੜਤ ਵਿਅਕਤੀਆਂ ਦੇ ਯੋਗ ਇਲਾਜ ਤੇ ਪੁਨਰਵਾਸ ਲਈ ਠੋਸ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਗਏ, ਤਾਂ ਜੋ ਪ੍ਰਭਾਵਿਤ ਖੇਤਰਾਂ ਦੀ ਆਰਥਿਕ ਤੇ ਸਮਾਜਿਕ ਸਥਿਤੀ ਵਿੱਚ ਸਥਾਈ ਸੁਧਾਰ ਲਿਆਂਦਾ ਜਾ ਸਕੇ।
ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਕ੍ਰਿਤਿਕਾ ਗੋਇਲ ਨੇ ਵਿਭਾਗੀ ਮੁਖੀਆਂ ਨੂੰ ਕਿਹਾ ਕਿ ਸਬੰਧਤ ਪਿੰਡਾਂ ਅਤੇ ਸ਼ਹਿਰੀ ਖੇਤਰਾਂ ਵਿੱਚ ਜਾਗਰੂਕਤਾ ਗਤੀਵਿਧੀਆਂ ਨੂੰ ਤੇਜ਼ ਕੀਤਾ ਜਾਵੇ। ਮੀਟਿੰਗ ਦੌਰਾਨ ਐਸ.ਪੀ ਜੇ ਐਸ ਸੰਧੂ, ਐਸਡੀਐਮ ਬਲਜੀਤ ਕੌਰ, ਐਸਡੀਐਮ ਬੁਢਲਾਡਾ ਗੁਰਮੀਤ ਕੁਮਾਰ , ਐਸਡੀਐਮ ਸਰਦੂਲਗੜ੍ਹ ਹਰਜਿੰਦਰ ਸਿੰਘ ਜੱਸਲ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਕਵਿਤਾ ਗਰਗ, ਸਮੂਹ ਈਓ, ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰਾਂ ਸਮੇਤ ਹੋਰ ਅਧਿਕਾਰੀ ਹਾਜ਼ਰ ਸਨ।