ਕੇਵਲ ਪਹਿਲਾਂ ਤੋਂ ਦਰਖਾਸਤਾਂ ਦੇ ਚੁੱਕੇ ਅਤੇ ਬਕਾਇਆ ਪੜਤਾਲ ਵਾਲੇ ਬਿਨੈਕਾਰ ਹੀ ਕੈਂਪਾਂ ‘ਚ ਕਰਨ ਪਹੁੰਚ
ਸੰਜੀਵ ਜਿੰਦਲ
ਮਾਨਸਾ, 25 ਸਤੰਬਰ: ਡਿਪਟੀ ਕਮਿਸ਼ਨਰ ਨਵਜੋਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਵੇਂ ਰਾਸ਼ਨ ਕਾਰਡ ਬਣਾਉਣ ਦੀ ਨਿਰਧਾਰਿਤ ਸਮਾਂ ਸੀਮਾ ਜਲਦ ਹੀ ਸਮਾਪਤ ਹੋਣ ਜਾ ਰਹੀ ਹੈ ਇਸ ਲਈ ਪਿਛਲੇ ਦਿਨਾਂ ਦੌਰਾਨ ਅਪਲਾਈ ਕਰ ਚੁੱਕੇ ਜਿਹੜੇ ਬਿਨੈਕਾਰਾਂ ਦੇ ਘਰਾਂ ਵਿੱਚ ਹਾਲੇ ਤੱਕ ਵੈਰੀਫਿਕੇਸ਼ਨ ਅਫਸਰ ਪੜਤਾਲ ਕਰਨ ਲਈ ਨਹੀਂ ਪੁੱਜੇ ਉਹ ਬਿਨੈਕਾਰ, 28 ਸਤੰਬਰ ਨੂੰ ਲਗਾਏ ਜਾਣ ਵਾਲੇ ਵਿਸ਼ੇਸ਼ ਕੈਂਪਾਂ ਦਾ ਲਾਭ ਉਠਾ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਕੈਂਪ ਸਵੇਰੇ 10:00 ਵਜੇ ਤੋਂ ਦੁਪਹਿਰ 2:00 ਵਜੇ ਤੱਕ ਸਬੰਧਤ ਐੱਸ.ਡੀ.ਐੱਮ. ਦਫ਼ਤਰਾਂ, ਈ.ਓ. ਦਫ਼ਤਰਾਂ ਅਤੇ ਜ਼ਿਲ੍ਹਾ ਫੂਡ ਤੇ ਸਿਵਲ ਸਪਲਾਈ ਕੰਟਰੋਲਰ ਮਾਨਸਾ ਦੇ ਦਫ਼ਤਰ ਵਿਖੇ ਆਯੋਜਿਤ ਕੀਤੇ ਜਾਣਗੇ, ਜਿੱਥੇ ਮੌਕੇ ‘ਤੇ ਹੀ ਬਕਾਇਆ ਦਰਖਾਸਤਾਂ ‘ਤੇ ਯੋਗ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਵਿਸ਼ੇਸ਼ ਤੌਰ ‘ਤੇ ਸਪਸ਼ਟ ਕੀਤਾ ਕਿ ਇਹ ਕੈਂਪ ਕੇਵਲ ਉਨ੍ਹਾਂ ਹੀ ਵਿਅਕਤੀਆਂ ਲਈ ਹਨ, ਜਿਨ੍ਹਾਂ ਨੇ ਸਬੰਧਤ ਸਬ-ਡਵੀਜ਼ਨਾਂ ਜਾਂ ਜ਼ਿਲ੍ਹਾ ਫੂਡ ਸਪਲਾਈ ਦਫ਼ਤਰਾਂ ਵਿੱਚ ਪਹਿਲਾਂ ਤੋਂ ਆਪਣੀਆਂ ਦਰਖਾਸਤਾਂ ਜਮ੍ਹਾਂ ਕਰਵਾਈਆਂ ਹੋਈਆਂ ਹਨ, ਪਰ ਅਜੇ ਤੱਕ ਵੈਰੀਫਿਕੇਸ਼ਨ ਅਫ਼ਸਰ ਵੱਲੋਂ ਉਨ੍ਹਾਂ ਦੇ ਘਰਾਂ ਵਿੱਚ ਪੜਤਾਲ ਲਈ ਸੰਪਰਕ ਨਹੀਂ ਕੀਤਾ ਗਿਆ ਹੈ। ਉਹਨਾਂ ਇਹ ਵੀ ਸਪਸ਼ਟ ਕੀਤਾ ਕਿ ਇਨ੍ਹਾਂ ਕੈਂਪ ਦੌਰਾਨ ਕਿਸੇ ਵੀ ਨਵੇਂ ਬਿਨੈਕਾਰ ਦਾ ਫਾਰਮ ਪ੍ਰਾਪਤ ਨਹੀਂ ਕੀਤਾ ਜਾਵੇਗਾ।