ਵੋਟਰਾਂ ਨੂੰ ਵੋਟਰ ਸੂਚੀ ਦਿਖਾਉਣ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅਤੇ ਐਸਡੀਐਮ ਦਫਤਰਾਂ ਵਿੱਚ ਸਥਾਪਿਤ ਕੀਤੇ ਜਾਣਗੇ ਹੈਲਪ ਡੈਸਕ
ਵੋਟਰ 13 ਅਗਸਤ ਤੋਂ 12 ਸਤੰਬਰ ਤੱਕ ਦਾਅਵੇ ਅਤੇ ਇਤਰਾਜ਼ ਪੇਸ਼ ਕਰ ਸਕਣਗੇ
ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਵੱਲੋਂ ਮਾਨਤਾ ਪ੍ਰਾਪਤ ਰਾਜਨੀਤਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ
ਸੰਜੀਵ ਜਿੰਦਲ
ਮਾਨਸਾ, 7 ਅਗਸਤ: ਚੋਣ ਕਮਿਸ਼ਨ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਨੇ ਅੱਜ ਮਾਨਤਾ ਪ੍ਰਾਪਤ ਰਾਜਨੀਤਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੌਰਾਨ ਦੱਸਿਆ ਕਿ ਵੋਟਰ ਸੂਚੀ ਦੀ ਗਹਿਰੀ ਸੁਧਾਈ ਪ੍ਰਕਿਰਿਆ (ਐਸ.ਆਈ.ਆਰ) ਦਾ ਪਹਿਲਾ ਪੜਾਅ ਮੁਕੰਮਲ ਹੋ ਗਿਆ ਹੈ ਅਤੇ ਹੁਣ ਵੋਟਰ ਸੂਚੀ ਦੀ ਮੁਢਲੀ ਪ੍ਰਕਾਸ਼ਨਾ 13 ਅਗਸਤ ਨੂੰ ਹੋਵੇਗੀ। ਉਨ੍ਹਾਂ ਦੱਸਿਆ ਕਿ ਵੋਟਰਾਂ ਲਈ ਦਾਅਵੇ ਅਤੇ ਇਤਰਾਜ਼ ਦਾਇਰ ਕਰਨ ਦਾ ਸਮਾਂ 13 ਅਗਸਤ ਤੋਂ 12 ਸਤੰਬਰ ਤੱਕ ਨਿਰਧਾਰਿਤ ਕੀਤਾ ਗਿਆ ਹੈ, ਜਦਕਿ ਪ੍ਰਾਪਤ ਹੋਏ ਦਾਅਵਿਆਂ ਅਤੇ ਇਤਰਾਜ਼ਾਂ ਦਾ ਨਿਪਟਾਰਾ ਅਤੇ ਨੋਟਿਸ ਜਾਰੀ ਕਰਨ ਦੀ ਤਰੀਖ 13 ਅਗਸਤ ਤੋਂ 8 ਅਕਤੂਬਰ ਤੱਕ ਨਿਰਧਾਰਤ ਕੀਤੀ ਗਈ ਹੈ। ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਇਹ ਸਾਰੀ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ 12 ਅਕਤੂਬਰ ਨੂੰ ਕਰਵਾਈ ਜਾਵੇਗੀ।
ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਨੇ ਦੱਸਿਆ ਕਿ ਵੋਟਰਾਂ ਨੂੰ ਵੋਟਰ ਸੂਚੀ ਦਿਖਾਉਣ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਾਨਸਾ ਅਤੇ ਐਸਡੀਐਮ ਦਫਤਰਾਂ ਵਿੱਚ ਵਿਸ਼ੇਸ਼ ਤੌਰ ਉੱਤੇ ਹੈਲਪ ਡੈਸਕ ਸਥਾਪਿਤ ਕੀਤੇ ਜਾਣਗੇ। ਉਹਨਾਂ ਦੱਸਿਆ ਕਿ ਰਾਜਨੀਤਿਕ ਪਾਰਟੀਆਂ ਨੂੰ ਵੀ ਫੋਟੋ ਵਾਲੀ ਵੋਟਰ ਸੂਚੀ ਅਤੇ ਬਿਨਾਂ ਫੋਟੋ ਵਾਲੀ ਵੋਟਰ ਸੂਚੀ ਦੀ ਸਾਫਟ ਕਾਪੀ ਮੁਹੱਈਆ ਕਰਵਾਈ ਜਾਵੇਗੀ ਤਾਂ ਜੋ ਉਹ ਸਬੰਧਤ ਏਰੀਏ ਵਿੱਚ ਕਾਰਜਸ਼ੀਲ ਬੀਐਲਏ ਦੀ ਮਦਦ ਨਾਲ ਵੋਟਰਾਂ ਦੇ ਇਂਦਰਾਜ ਸਬੰਧੀ ਤਰੁਟੀਆਂ, ਜੇਕਰ ਕੋਈ ਹੋਣ ਤਾਂ, ਦੂਰ ਕਰਵਾ ਸਕਣ । ਉਹਨਾਂ ਇਹ ਵੀ ਦੱਸਿਆ ਕਿ ਐਨਆਈਸੀ ਦੀ ਅਧਿਕਾਰਤ ਵੈਬਸਾਈਟ ਉੱਤੇ ਵੀ ਇਹ ਡਰਾਫਟ ਰੋਲ ਅਪਲੋਡ ਕੀਤਾ ਜਾਵੇਗਾ ਜਿੱਥੋਂ ਕੋਈ ਵੀ ਨਾਗਰਿਕ ਆਪਣੇ ਨਾਲ ਸਬੰਧਿਤ ਵੇਰਵੇ ਚੈੱਕ ਕਰ ਸਕਦਾ ਹੈ।
ਮੀਟਿੰਗ ਦੌਰਾਨ ਜ਼ਿਲ੍ਹਾ ਚੋਣ ਅਫਸਰ ਨਵਜੋਤ ਕੌਰ ਨੇ ਗਣਨਾ ਫਾਰਮਾਂ ਦੀ ਡਿਜੀਟਾਈਜੇਸ਼ਨ ਪ੍ਰਕਿਰਿਆ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੂੰ ਭਰਪੂਰ ਸਹਿਯੋਗ ਦੇਣ ਲਈ ਰਾਜਨੀਤਿਕ ਪਾਰਟੀਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਵੀ ਕੀਤਾ।
ਇਸ ਮੌਕੇ ਚੋਣ ਤਹਿਸੀਲਦਾਰ ਭੂਸ਼ਣ ਕੁਮਾਰ, ਆਮ ਆਦਮੀ ਪਾਰਟੀ ਤੋਂ ਰਮਨਪ੍ਰੀਤ ਸਿੰਘ ਤੇ ਭਰਪੂਰ ਸਿੰਘ, ਸ਼੍ਰੋਮਣੀ ਅਕਾਲੀ ਦਲ ਤੋਂ ਕੇ.ਐਸ ਮਠਾੜੂ, ਕਾਂਗਰਸ ਤੋਂ ਬੀ.ਐਸ ਬੱਲੀ ਅਤੇ ਬਹੁਜਨ ਸਮਾਜ ਪਾਰਟੀ ਤੋਂ ਗੁਰਜੀਵਨ ਸਿੰਘ ਵੀ ਹਾਜ਼ਰ ਸਨ।

