ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਸੀਜ਼ਨ 2026-27 ਲਈ ਹੋਵੇਗੀ ਟੀਮ ਦੀ ਚੋਣ
1 ਸਤੰਬਰ 2003 ਜਾਂ ਉਸ ਤੋਂ ਬਾਅਦ ਪੈਦਾ ਹੋਏ ਖਿਡਾਰੀ ਲੈ ਸਕਣਗੇ ਹਿੱਸਾ
ਸੰਜੀਵ ਜਿੰਦਲ
ਮਾਨਸਾ, 14 ਮਾਰਚ 2026 : ਪੰਜਾਬ ਕ੍ਰਿਕਟ ਐਸੋਸੀਏਸ਼ਨ ਦੀ ਸਬ-ਕਮੇਟੀ ਜ਼ਿਲ੍ਹਾ ਮਾਨਸਾ ਦੇ ਮੈਂਬਰ ਕਮਲ ਅਰੋੜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੀ.ਸੀ.ਏ. ਦੁਆਰਾ ਆਯੋਜਿਤ ਕੀਤੇ ਜਾਣ ਵਾਲੇ ਆਗਾਮੀ ਸੀਜ਼ਨ 2026-2027 ਦੇ ਪੰਜਾਬ ਰਾਜ ਅੰਤਰ-ਜ਼ਿਲ੍ਹਾ ਅੰਡਰ-23 ਮਲਟੀ-ਡੇਅ ਅਤੇ ਇੱਕ ਦਿਨਾ (ਲਿਮਟਿਡ ਓਵਰ) ਟੂਰਨਾਮੈਂਟਾਂ ਲਈ ਮਾਨਸਾ ਜ਼ਿਲ੍ਹੇ ਦੀ ਟੀਮ ਦੀ ਚੋਣ ਕੀਤੀ ਜਾਣੀ ਹੈ। ਉਨ੍ਹਾਂ ਦੱਸਿਆ ਹੈ ਕਿ ਇਸ ਸਬੰਧੀ ਖਿਡਾਰੀਆਂ ਦੀ ਚੋਣ ਲਈ ਟਰਾਇਲ 17 ਮਾਰਚ, 2026 ਨੂੰ ਸਵੇਰੇ 10:30 ਵਜੇ ਕਾਪਸ ਕਲੱਬ ਗਰਾਊਂਡ, ਪੁਲਿਸ ਲਾਈਨਜ਼, ਪੁਲਿਸ ਪਬਲਿਕ ਸਕੂਲ, ਬਠਿੰਡਾ (ਸਿਵਲ ਹਸਪਤਾਲ ਦੇ ਸਾਹਮਣੇ) ਵਿਖੇ ਲਏ ਜਾਣਗੇ।
ਸ੍ਰੀ ਅਰੋੜਾ ਨੇ ਦੱਸਿਆ ਕਿ ਉਹ ਸਾਰੇ ਖਿਡਾਰੀ, ਜੋ ਮਾਨਸਾ ਜ਼ਿਲ੍ਹੇ ਦੇ ਪੱਕੇ ਵਸਨੀਕ ਹਨ ਜਾਂ ਟੂਰਨਾਮੈਂਟ ਤੋਂ ਪਿਛਲੇ ਇੱਕ ਸਾਲ ਤੋਂ ਜ਼ਿਲ੍ਹੇ ਦੇ ਕਿਸੇ ਸਕੂਲ/ਕਾਲਜ ਵਿੱਚ ਪੜ੍ਹ ਰਹੇ ਹਨ, ਉਹ ਇਨ੍ਹਾਂ ਟਰਾਇਲਾਂ ਵਿੱਚ ਭਾਗ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਖਿਡਾਰੀ ਦਾ ਜਨਮ 01 ਸਤੰਬਰ 2003 ਨੂੰ ਜਾਂ ਇਸ ਤੋਂ ਬਾਅਦ ਦਾ ਹੋਣਾ ਚਾਹੀਦਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਓਪਨ ਸਕੂਲ ਦੇ ਉਮੀਦਵਾਰ ਇਨ੍ਹਾਂ ਟਰਾਇਲਾਂ ਲਈ ਯੋਗ ਨਹੀਂ ਹੋਣਗੇ।
ਟਰਾਇਲ ਦੇਣ ਵਾਲੇ ਖਿਡਾਰੀਆਂ ਨੂੰ ਆਪਣੇ ਨਾਲ ਅਸਲ ਦਸਤਾਵੇਜ਼ ਅਤੇ ਉਨ੍ਹਾਂ ਦੀਆਂ ਫੋਟੋਕਾਪੀਆਂ ਦਾ ਇੱਕ ਸੈੱਟ ਲਿਆਉਣਾ ਲਾਜ਼ਮੀ ਹੈ। ਇਨ੍ਹਾਂ ਦਸਤਾਵੇਜ਼ਾਂ ਵਿੱਚ ਪਾਸਪੋਰਟ ਜਾਂ ਵੋਟਰ ਕਾਰਡ, ਡਿਜੀਟਲ ਜਨਮ ਸਰਟੀਫਿਕੇਟ, ਸਾਲ 2025-26 ਦੀ ਮਾਰਕਸ਼ੀਟ ( ਓਪਨ ਸਕੂਲ ਉਮੀਦਵਾਰ ਯੋਗ ਨਹੀਂ ਹਨ), ਮੌਜੂਦਾ ਸੀਜ਼ਨ 2026-27 ਲਈ ਸਕੂਲ ਦਾ ਬੋਨਾਫਾਈਡ ਸਰਟੀਫਿਕੇਟ, ਇੱਕ ਤਾਜ਼ਾ ਪਾਸਪੋਰਟ ਸਾਈਜ਼ ਫੋਟੋ ਸ਼ਾਮਿਲ ਹਨ। ਇਨ੍ਹਾਂ ਸਾਰੇ ਦਸਤਾਵੇਜ਼ਾਂ ਦੀਆਂ ਫੋਟੋ ਕਾਪੀਆਂ ਦਾ ਇੱਕ ਸੈੱਟ ਵੀ ਮੰਗਿਆ ਗਿਆ ਹੈ।
ਸਬ-ਕਮੇਟੀ ਮੈਂਬਰ ਨੇ ਸਮੂਹ ਚਾਹਵਾਨ ਖਿਡਾਰੀਆਂ ਨੂੰ ਅਪੀਲ ਕੀਤੀ ਕਿ ਉਹ ਰਜਿਸਟ੍ਰੇਸ਼ਨ ਅਤੇ ਦਸਤਾਵੇਜ਼ਾਂ ਦੀ ਪੜਤਾਲ ਲਈ ਨਿਰਧਾਰਤ ਸਮੇਂ ਤੋਂ ਪਹਿਲਾਂ ਮੈਦਾਨ ਵਿੱਚ ਪਹੁੰਚਣਾ ਯਕੀਨੀ ਬਣਾਉਣ।

