ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਵੱਲੋਂ ਤਿਆਰੀਆਂ ਦਾ ਜਾਇਜ਼ਾ
ਦੇਸ਼ ਭਰ ਦੇ ਦਸਤਕਾਰ, ਰਵਾਇਤੀ ਪਕਵਾਨ ਅਤੇ ਨਾਮੀ ਗਾਇਕ ਬਣਨਗੇ ਖਿੱਚ ਦਾ ਕੇਂਦਰ
ਪੰਜਾਬ ਸਰਕਾਰ ਦੀ ‘ਸਾਡੇ ਬਜ਼ੁਰਗ ਸਾਡਾ ਮਾਣ’ ਮੁਹਿੰਮ ਤਹਿਤ ਬਜ਼ੁਰਗਾਂ ਲਈ ਕੀਤੇ ਵਿਸ਼ੇਸ਼ ਪ੍ਰਬੰਧ
ਸੁਰੱਖਿਆ ਲਈ ਸੀ.ਸੀ.ਟੀ.ਵੀ. ਕੈਮਰੇ ਅਤੇ ਪੁਖ਼ਤਾ ਪ੍ਰਬੰਧ: ਐਸ.ਐਸ.ਪੀ. ਭਾਗੀਰਥ ਸਿੰਘ ਮੀਨਾ
ਸੰਜੀਵ ਜਿੰਦਲ
ਮਾਨਸਾ, 12 ਮਾਰਚ : ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 13 ਤੋਂ 22 ਮਾਰਚ ਤੱਕ ਕਰਵਾਏ ਜਾ ਰਹੇ ‘ਸਰਸ ਮੇਲੇ’ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਨਵਜੋਤ ਕੌਰ ਅਤੇ ਐਸ.ਐਸ.ਪੀ. ਸ੍ਰੀ ਭਾਗੀਰਥ ਸਿੰਘ ਮੀਨਾ ਨੇ ਅੱਜ ਅਨਾਜ ਮੰਡੀ ਵਿਖੇ ਦੌਰਾ ਕੀਤਾ ਅਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਮੇਲੇ ਦਾ ਮੁੱਖ ਉਦੇਸ਼ ਦੇਸ਼ ਦੇ ਵੱਖ-ਵੱਖ ਰਾਜਾਂ ਦੇ ਸੱਭਿਆਚਾਰ, ਖਾਣ-ਪੀਣ ਅਤੇ ਕਲਾਵਾਂ ਨੂੰ ਇੱਕੋ ਮੰਚ ‘ਤੇ ਇਕੱਠਾ ਕਰਕੇ ਇੱਕ ਵਿਰਾਸਤੀ ਮਾਹੌਲ ਸਿਰਜਣਾ ਹੈ। ਉਨ੍ਹਾਂ ਕਿਹਾ ਕਿ ਪੇਂਡੂ ਕਾਰੀਗਰਾਂ ਅਤੇ ਸਵੈ-ਸਹਾਇਤਾ ਸਮੂਹਾਂ ਦੇ ਹੁਨਰ ਨੂੰ ਪ੍ਰਦਰਸ਼ਿਤ ਕਰਨ ਲਈ ਇਹ ਸੁਨਹਿਰੀ ਮੌਕਾ ਹੈ। ਦੇਸ਼ ਭਰ ਤੋਂ ਆਏ ਸ਼ਿਲਪਕਾਰਾਂ ਵੱਲੋਂ ਤਿਆਰ ਕੀਤੇ ਹੱਥ-ਕਲਾ ਦੇ ਨਮੂਨੇ ਅਤੇ ਵੱਖ-ਵੱਖ ਰਾਜਾਂ ਦੇ ਰਵਾਇਤੀ ਪਕਵਾਨਾਂ ਦੇ ਸਟਾਲ ਮੇਲੇ ਦੀ ਰੌਣਕ ਵਧਾਉਣਗੇ।
ਡੀਸੀ ਨਵਜੋਤ ਕੌਰ ਨੇ ਦੱਸਿਆ ਕਿ ਮੇਲੇ ਦੌਰਾਨ ਰੋਜ਼ਾਨਾ ਸ਼ਾਮ ਨੂੰ ਸੱਭਿਆਚਾਰਕ ਪ੍ਰੋਗਰਾਮ ਉਲੀਕੇ ਗਏ ਹਨ, ਜਿਸ ਵਿੱਚ ਗੁਰਦਾਸ ਮਾਨ, ਹਰਭਜਨ ਮਾਨ, ਕੰਵਰ ਗਰੇਵਾਲ, ਕੁਲਵਿੰਦਰ ਬਿੱਲਾ, ਕੋਰ ਆਲਾ ਮਾਨ, ਗੁਰਲਾਲ ਬਰਾੜ, ਆਰ ਨੇਤ ਅਤੇ ਹਰਜੀਤ ਹਰਮਨ ਵਰਗੇ ਉੱਘੇ ਗਾਇਕ ਆਪਣੀ ਪੇਸ਼ਕਾਰੀ ਦੇਣਗੇ। ਇਸ ਤੋਂ ਇਲਾਵਾ ਵੱਖ-ਵੱਖ ਰਾਜਾਂ ਦੇ ਲੋਕ ਨਾਚ ਅਤੇ ਜਾਦੂਗਰ ਦੇ ਸ਼ੋਅ ਖਿੱਚ ਦਾ ਕੇਂਦਰ ਹੋਣਗੇ। ਉਨ੍ਹਾਂ ਦੱਸਿਆ ਕਿ ਬੱਚਿਆਂ ਲਈ ਵੱਖ-ਵੱਖ ਤਰ੍ਹਾਂ ਦੇ ਝੂਲੇ ਲਗਾਏ ਗਏ ਹਨ।
ਡਿਪਟੀ ਕਮਿਸ਼ਨਰ ਸ੍ਰੀਮਤੀ ਨਵਜੋਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ‘ਸਾਡੇ ਬਜ਼ੁਰਗ ਸਾਡਾ ਮਾਣ‘ ਮੁਹਿਮ ਤਹਿਤ ਸੀਨੀਅਰ ਸਿਟੀਜ਼ਨਾਂ ਨੂੰ ਵਿਸ਼ੇਸ਼ ਤੌਰ ‘ਤੇ ਸੱਦਾ ਦਿੱਤਾ ਗਿਆ ਹੈ ਤਾਂ ਜੋ ਉਹ ਵੀ ਇਸ ਮੇਲੇ ਦਾ ਆਨੰਦ ਮਾਣ ਸਕਣ। ਉਹਨਾਂ ਦੱਸਿਆ ਕਿ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀ ਆਪਣੇ ਵਿਦਿਆਕ ਅਦਾਰੇ ਦੇ ਸ਼ਨਾਖਤੀ ਕਾਰਡ ਦਿਖਾ ਕੇ ਸਰਸ ਮੇਲੇ ਵਿੱਚ ਮੁਫਤ ਦਾਖਲ ਹੋ ਸਕਦੇ ਹਨ।
ਡਿਪਟੀ ਕਮਿਸ਼ਨਰ ਨਵਜੋਤ ਕੌਰ ਨੇ ਮਾਨਸਾ ਅਤੇ ਆਸ-ਪਾਸ ਦੇ ਇਲਾਕਿਆਂ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਪਰਿਵਾਰਾਂ ਸਮੇਤ ਇਸ ਸਰਸ ਮੇਲੇ ਵਿੱਚ ਪਹੁੰਚ ਕੇ ਵੱਖ-ਵੱਖ ਰਾਜਾਂ ਦੀ ਕਲਾ ਅਤੇ ਪੰਜਾਬੀ ਵਿਰਸੇ ਦਾ ਆਨੰਦ ਮਾਨਣ।
ਐਸ.ਐਸ.ਪੀ. ਸ੍ਰੀ ਭਾਗੀਰਥ ਸਿੰਘ ਮੀਨਾ ਨੇ ਕਿਹਾ ਕਿ ਮੇਲੇ ਦੀ ਸੁਰੱਖਿਆ ਲਈ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ ਹੈ। ਪੂਰੇ ਮੇਲਾ ਗਰਾਊਂਡ ਦੀ ਨਿਗਰਾਨੀ ਸੀ.ਸੀ.ਟੀ.ਵੀ. ਕੈਮਰਿਆਂ ਰਾਹੀਂ ਕੀਤੀ ਜਾਵੇਗੀ। ਟ੍ਰੈਫਿਕ ਵਿਵਸਥਾ ਨੂੰ ਸੁਚਾਰੂ ਰੱਖਣ ਲਈ ਵਾਹਨਾਂ ਦੀ ਪਾਰਕਿੰਗ ਲਈ ਵਿਸ਼ੇਸ਼ ਥਾਂ ਨਿਰਧਾਰਿਤ ਕੀਤੀ ਗਈ ਹੈ ਅਤੇ ਸਫਾਈ ਵਿਵਸਥਾ ਦਾ ਵੀ ਖਾਸ ਧਿਆਨ ਰੱਖਿਆ ਜਾ ਰਿਹਾ ਹੈ।
ਇਸ ਮੌਕੇ ADC ਆਕਾਸ਼ ਬਾਂਸਲ, ਏਡੀਸੀ ਅਨੁਪ੍ਰਿਤਾ ਜੋਹਲ, SDM ਹਰਜਿੰਦਰ ਸਿੰਘ ਜੱਸਲ ਤੇ ਗਗਨਦੀਪ ਸਿੰਘ, ਮੁੱਖ ਮੰਤਰੀ ਫੀਲਡ ਅਫਸਰ ਗੁਰਲੀਨ ਕੌਰ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।

