ਸਰਕਾਰ ਹਰ ਖੇਤਰ ਵਿੱਚ ਫੇਲ੍ਹ ਸਾਬਤ ਹੋਈ-ਰਣਦੀਪ ਸਿੰਘ ਨਾਭਾ
ਸਰਕਾਰ ਔਰਤਾਂ ਦੇ ਖਾਤਿਆਂ ‘ਚ ਤੁਰੰਤ ਪਾਵੇ 48000-ਕਾਲਾ ਢਿੱਲੋ
ਕਰਨਪ੍ਰੀਤ ਕਰਨ / ਬਿਊਰੋ / ਪ੍ਰਾਈਮ ਪੋਸਟ ਪੰਜਾਬ
ਬਰਨਾਲਾ 3 ਮਾਰਚ : ਕਾਂਗਰਸ ਪਾਰਟੀ ਨੇ ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ‘ਗੱਪੀਆਂ ਦੀ ਸਰਕਾਰ’ ਦੱਸਦੇ ਹੋਏ ‘ਯੁੱਧ ਗੱਪਾਂ ਵਿਰੁੱਧ’ ਮੁਹਿੰਮ ਸ਼ੁਰੂ ਕੀਤੀ ਹੈ। ਜਿਸ ਤਹਿਤ ਅੱਜ ਸਮੁੱਚੇ ਪੰਜਾਬ ‘ਚ ਜ਼ਿਲ੍ਹਾ ਹੈੱਡ ਕੁਆਰਟਰਾਂ ‘ਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂਆਂ ਨੇ ਪ੍ਰੈਸ ਕਾਨਫਰੰਸਾਂ ਕਰਕੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੇ ਖ਼ਿਲਾਫ਼ ਸੂਬੇ ਦੇ ਲੋਕਾਂ ਨਾਲ ਵਾਅਦਾ ਖਿਲਾਫੀ ਦੇ ਦੋਸ਼ ਲਗਾਏ। ਬਰਨਾਲਾ ਵਿਖੇ ਜ਼ਿਲ੍ਹਾ ਪ੍ਰਧਾਨ ਅਤੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਦੀ ਰਿਹਾਇਸ਼ ‘ਤੇ ਪ੍ਰੈਸ ਕਾਨਫਰੰਸ ਦੌਰਾਨ ਪੰਜਾਬ ਦੇ ਸਾਬਕਾ ਮੰਤਰੀ ਰਣਦੀਪ ਸਿੰਘ ਨਾਭਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਸੂਬੇ ਦੇ ਲੋਕਾਂ ਨਾਲ ਵੱਖ-ਵੱਖ ਗਰੰਟੀਆਂ ਦਾ ਵਾਅਦਾ ਕਰਕੇ ਸੱਤਾ ‘ਚ ਆਈ ਪਰੰਤੂ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਇਹ ਗਰੰਟੀਆਂ ਗੁਮਰਾਹਕੁੰਨ ਨਿਕਲੀਆਂ। ਉਹਨਾਂ ਕਿਹਾ ਕਿ ਆਪ ਨੇ ਸੂਬੇ ਦੀਆਂ ਔਰਤਾਂ ਨਾਲ ਪ੍ਰਤੀ ਮਹੀਨਾ 1000 ਰੁਪਏ ਦੀ ਗਰੰਟੀ ਦਿੱਤੀ ਸੀ ਪ੍ਰੰਤੂ ਸਰਕਾਰ ਦੀ ਇਹ ਗਰੰਟੀ ਝੂਠੀ ਨਿਕਲੀ। ਉਨਾਂ ਸ਼ੰਕਾ ਪ੍ਰਗਟ ਕੀਤੀ ਕਿ ਆਪ ਸਰਕਾਰ ਔਰਤਾਂ ਦੀਆਂ ਅੱਖਾਂ ਪੂੰਝਣ ਲਈ ਬਜਟ ਤੋਂ ਬਾਅਦ ਔਰਤਾਂ ਦੇ ਖਾਤਿਆਂ ‘ਚ ਦੋ ਕੁ ਹਜ਼ਾਰ ਰੁਪਏ ਪਾ ਸਕਦੀ ਹੈ ਪ੍ਰੰਤੂ ਸਰਕਾਰ ਨੂੰ ਇਹ ਚੇਤੇ ਰੱਖਣਾ ਚਾਹੀਦਾ ਹੈ ਕਿ ਸਰਕਾਰ ਵੱਲ ਔਰਤਾਂ ਦਾ ਚਾਰ ਸਾਲਾਂ ਦਾ 48000 ਰੁਪਏ ਬਕਾਇਆ ਹੈ।
ਉਹਨਾਂ ਕਿਹਾ ਕਿ ਸਰਕਾਰ ਵੱਲੋਂ ਨਸ਼ਾ ਤਸਕਰੀ, ਰਿਸ਼ਵਤ ਖੋਰੀ ਦੇ ਖ਼ਿਲਾਫ਼ ਸ਼ੁਰੂ ਕੀਤੇ ਜਾਣ ਵਾਲੇ ਯੁੱਧ ਦੀਆਂ ਮੁਹਿੰਮਾਂ ਆਪਣੇ ਆਪ ਸਪੱਸ਼ਟ ਕਰਦੀਆਂ ਹਨ ਕਿ ਪੰਜਾਬ ‘ਆਪ’ ਸਰਕਾਰ ਦੇ ਕਾਰਜਕਾਲ ਦੇ ਚਾਰ ਸਾਲਾਂ ਦੌਰਾਨ ਵੀ ਨਸ਼ਾ ਤਸਕਰੀ ਅਤੇ ਰਿਸ਼ਵਤਖੋਰੀ ਦੀ ਦਲਦਲ ਵਿੱਚ ਬੁਰੀ ਤਰ੍ਹਾਂ ਫਸਿਆ ਹੋਇਆ ਹੈ।ਆਪ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਭਾਂਡਾ ਭੰਨਣ ਲਈ ਗੱਪੀਆਂ ਦੀ ਸਰਕਾਰ ਦੇ ਖ਼ਿਲਾਫ਼ ਯੁੱਧ ਗੱਪਾਂ ਵਿਰੁੱਧ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਤਹਿਤ ਲੋਕਾਂ ਦੇ ਵਿੱਚ ਹੇਠਲੇ ਪੱਧਰ ‘ਤੇ ਜਾ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਪੰਜਾਬ ਦੇ ਵੱਡੇ ਆਪ ਆਗੂਆਂ ਅਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਗੱਪਾਂ ਦਾ ਪਰਦਾਫਾਸ਼ ਕੀਤਾ ਜਾਵੇਗਾ। ਸਾਬਕਾ ਮੰਤਰੀ ਰਣਦੀਪ ਸਿੰਘ ਨਾਭਾ ਨੇ ਕਿਹਾ ਕਿ ਇਸ ਵੇਲੇ ਪੰਜਾਬ ਦੇ ਅਮਨ ਕਾਨੂੰਨ ਦੇ ਹਾਲਾਤ ਬਦ ਤੋਂ ਬਦਤਰ ਹਨ ਇਥੋਂ ਤੱਕ ਕਿ ਪੁਲਿਸ ਮੁਲਾਜ਼ਮਾਂ ਦੇ ਕਤਲ ਵੀ ਹੋ ਰਹੇ ਹਨ ਅਤੇ ਪੰਜਾਬ ਪੁਲਿਸ ਨੂੰ ਕਾਤਲ ਲੱਭ ਹੀ ਨਹੀਂ ਰਹੇ।
ਇਸ ਮੌਕੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਕਿਹਾ ਕਿ ਪੰਜਾਬ ਸਰਕਾਰ ਇਸ਼ਤਿਹਾਰਬਾਜ਼ੀ ਦੀ ਸਰਕਾਰ ਬਣ ਕੇ ਰਹਿ ਚੁੱਕੀ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਖਜ਼ਾਨੇ ਦੇ ਸਿਰ ‘ਤੇ ਆਪ ਆਗੂ ਆਪਣੀ ਮਸ਼ਹੂਰੀ ਕਰ ਰਹੇ ਹਨ ਪਰੰਤੂ ਇਹਨਾਂ ਆਗੂਆਂ ਨੇ ਪੰਜਾਬ ਸਿਰ 4 ਲੱਖ ਕਰੋੜ ਦੇ ਕਰਜ਼ੇ ਤੋਂ ਅੱਖਾਂ ਫੇਰੀਆਂ ਹੋਈਆਂ ਹਨ। ਵਿਧਾਇਕ ਢਿੱਲੋਂ ਨੇ ਕਿਹਾ ਕਿ ਆਪ ਸਰਕਾਰ ਲੋਕਾਂ ਦਾ ਅਸਲ ਮੁੱਦਿਆਂ ਤੋਂ ਧਿਆਨ ਭਟਕਾਉਣ ਦੀ ਖ਼ਾਤਰ ਨਸ਼ਾ ਤਸਕਰੀ, ਰਿਸ਼ਵਤਖੋਰੀ, ਗੈਂਗਸਟਰਵਾਦ ਦੇ ਖ਼ਿਲਾਫ਼ ਨਕਲੀ ਯੁੱਧ ਸ਼ੁਰੂ ਕਰ ਰਹੀ ਹੈ ਪ੍ਰੰਤੂ ਹੁਣ ਕਾਂਗਰਸ ਸੂਬੇ ਦੀ ਸਰਕਾਰ ਦੇ ਕਲਾਕਾਰਾਂ ਖ਼ਿਲਾਫ਼ ਯੁੱਧ ਗੱਪਾਂ ਵਿਰੁੱਧ ਮੁਹਿੰਮ ਸ਼ੁਰੂ ਕਰਕੇ ਲੋਕਾਂ ਨੂੰ ਸਰਕਾਰ ਦਾ ਅਸਲੀ ਚਿਹਰਾ ਦਿਖਾਵੇਗੀ। ਵਿਧਾਇਕ ਢਿੱਲੋਂ ਨੇ ਮੰਗ ਕੀਤੀ ਕਿ ਸਰਕਾਰ 18 ਸਾਲ ਤੋਂ ਉੱਪਰ ਦੀਆਂ ਸੂਬੇ ਦੀਆਂ ਸਾਰੀਆਂ ਔਰਤਾਂ ਦੇ ਖਾਤਿਆਂ ਵਿੱਚ ਤੁਰੰਤ 48000 ਦੀ ਬਕਾਇਆ ਰਕਮ ਪਾਵੇ, ਜਿਹੜੀ ਕਿ ਇਹਨਾਂ ਨੇ ਗਰੰਟੀ ਦਿੱਤੀ ਸੀ। ਵਿਧਾਇਕ ਢਿੱਲੋਂ ਨੇ ਕਿਹਾ ਕਿ ਉਹ ਪੰਜਾਬ ਦੇ ਬਜਟ ਸੈਸ਼ਨ ਦੌਰਾਨ ਪੰਜਾਬ ਦੇ ਲੋਕਾਂ ਨਾਲ ਜੁੜੇ ਮੁੱਦਿਆਂ ਸਬੰਧੀ ਸਰਕਾਰ ਨੂੰ ਘੇਰਨਗੇ। ਇਸ ਮੌਕੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸੀਨੀਅਰ ਆਗੂ ਵੀ ਹਾਜ਼ਰ ਸਨ।

