
ਸਮਾਜਿਕ ਸੁਰੱਖਿਆ ਵਿਭਾਗ ਦੇ ਵਿਸ਼ੇਸ਼ ਸਕੱਤਰ ਅਤੇ ਡਿਪਟੀ ਕਮਿਸ਼ਨਰ ਵਲੋਂ ਬਿਰਧ ਆਸ਼ਰਮ ਦਾ ਦੌਰਾ
ਸਰਕਾਰ ਵਲੋਂ ਬਿਰਧ ਆਸ਼ਰਮ ‘ਚ ਸਾਰੀਆਂ ਸਹੂਲਤਾਂ ਮੁਫ਼ਤ, ਲੋੜਵੰਦ ਬਜ਼ੁਰਗ ਕਰਵਾ ਸਕਦੇ ਹਨ ਰਜਿਸਟ੍ਰੇਸ਼ਨ
ਸੰਜੀਵ ਜਿੰਦਲ
ਮਾਨਸਾ, 18 ਦਸੰਬਰ: ਪੰਜਾਬ ਸਰਕਾਰ ਵਲੋਂ ਲੋੜਵੰਦ ਬਜ਼ੁਰਗਾਂ ਦੀ ਸੇਵਾ-ਸੰਭਾਲ ਲਈ ਮਾਨਸਾ ‘ਚ 9 ਕਰੋੜ ਰੁਪਏ ਤੋਂ ਵਧੇਰੇ ਲਾਗਤ ਨਾਲ ਬਿਰਧ ਆਸ਼ਰਮ ਬਣ ਕੇ ਤਿਆਰ ਹੈ, ਜਿਸ ਦਾ ਆਉਣ ਵਾਲੇ ਦਿਨੀਂ ਰਸਮੀ ਉਦਘਾਟਨ ਕੀਤਾ ਜਾਵੇਗਾ।
ਇਹ ਪ੍ਰਗਟਾਵਾ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਵਿਸ਼ੇਸ਼ ਸਕੱਤਰ ਕੇਸ਼ਵ ਹਿੰਗੋਨੀਆ ਆਈ ਏ ਐੱਸ ਨੇ ਅੱਜ ਬਿਰਧ ਆਸ਼ਰਮ ਦੇ ਦੌਰੇ ਮੌਕੇ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਮਾਨਸਾ ਸ੍ਰੀਮਤੀ ਨਵਜੋਤ ਕੌਰ ਆਈ ਏ ਐੱਸ ਵੀ ਮੌਜੂਦ ਸਨ।
ਇਸ ਮੌਕੇ ਵਿਸ਼ੇਸ਼ ਸਕੱਤਰ ਕੇਸ਼ਵ ਹਿੰਗੋਨੀਆ ਨੇ ਬਿਰਧ ਆਸ਼ਰਮ ਦੀ ਇਮਾਰਤ ਅਤੇ ਸਹੂਲਤਾਂ ਦਾ ਨਿਰੀਖਣ ਕੀਤਾ ਅਤੇ ਆਸ਼ਰਮ ਵਿਚ ਰਹਿ ਰਹੇ ਬਜ਼ੁਰਗਾਂ ਨਾਲ ਗੱਲਬਾਤ ਕੀਤੀ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀਮਤੀ ਨਵਜੋਤ ਕੌਰ ਨੇ ਕਿਹਾ ਕਿ 9 ਕਰੋੜ ਤੋਂ ਵਧੇਰੇ ਲਾਗਤ ਨਾਲ ਇਸ ਬਿਰਧ ਆਸ਼ਰਮ ਦੀ ਇਮਾਰਤ ਪੂਰੀ ਤਰ੍ਹਾਂ ਤਿਆਰ ਹੈ। ਇਥੇ 8 ਬਜ਼ੁਰਗ ਆ ਕੇ ਰਹਿ ਰਹੇ ਹਨ ਅਤੇ ਹੋਰ ਲੋੜਵੰਦ ਬਜ਼ੁਰਗ ਜਿਹੜੇ ਇਥੇ ਆ ਕੇ ਰਹਿਣਾ ਚਾਹੁੰਦੇ ਹਨ, ਉਹ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।
ਉਨ੍ਹਾਂ ਕਿਹਾ ਕਿ ਮਾਨਸਾ ਦੀਆਂ ਰਮਦਿੱਤਾ ਕੈਂਚੀਆਂ ਨਜ਼ਦੀਕ ਬਣੇ 72 ਬੈੱਡਾਂ ਦੀ ਸਮਰੱਥਾ ਵਾਲੇ ਬਿਰਧ ਆਸ਼ਰਮ ਵਿੱਚ ਸਾਰੀਆਂ ਸਹੂਲਤਾਂ ਰਹਿਣਾ, ਸਿਹਤ ਤੇ ਮੈਡੀਕਲ ਸੁਵਿਧਾ, ਖਾਣਾ ਪੀਣਾ, ਸੁਰੱਖਿਆ ਤੇ ਸੰਭਾਲ ਤੋਂ ਇਲਾਵਾ ਲਾਇਬ੍ਰੇਰੀ ਆਦਿ ਸਹੂਲਤਾਂ ਮੁਫ਼ਤ ਹਨ ਅਤੇ ਡੇਅ ਕੇਅਰ ਦਾ ਵੀ ਪ੍ਰਬੰਧ ਹੈ।
ਇਸ ਮੌਕੇ ਵਿਸ਼ੇਸ਼ ਸਕੱਤਰ ਸ੍ਰੀ ਕੇਸ਼ਵ ਹਿੰਗੋਨੀਆ ਅਤੇ ਡਿਪਟੀ ਕਮਿਸ਼ਨਰ ਨਵਜੋਤ ਕੌਰ ਨੇ ਸਬੰਧਤ ਵਿਭਾਗਾਂ ਨੂੰ ਇਸ ਬਿਰਧ ਆਸ਼ਰਮ ਨੂੰ ਅੰਤਿਮ ਛੋਹਾਂ ਦੇਣ ਦੀ ਹਦਾਇਤ ਕੀਤੀ। ਓਨ੍ਹਾਂ ਕਿਹਾ ਕਿ ਬਜ਼ੁਰਗਾਂ ਲਈ ਸੁਚੱਜੇ ਤਰੀਕੇ ਨਾਲ ਸਾਰੀਆਂ ਸਹੂਲਤਾਂ ਯਕੀਨੀ ਬਣਾਈਆਂ ਜਾਣ। ਓਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਪੰਜਾਬ ਸਰਕਾਰ ਵਲੋਂ ਬਿਰਧ ਆਸ਼ਰਮ ਦਾ ਰਸਮੀ ਉਦਘਾਟਨ ਕਰਕੇ ਜ਼ਿਲ੍ਹਾ ਵਾਸੀਆਂ ਨੂੰ ਸਪੁਰਦ ਕਰ ਦਿੱਤਾ ਜਾਵੇਗਾ।
ਇਸ ਮੌਕੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਡਾ. ਲਵਲੀਨ ਕੌਰ ਨੇ ਕਿਹਾ ਕਿ ਲੋੜਵੰਦ ਬਜ਼ੁਰਗ ਰਜਿਸਟ੍ਰੇਸ਼ਨ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਗਰਾਊਂਡ ਫਲੋਰ, ਕਮਰਾ ਨੰਬਰ 12 ਵਿਖੇ ਜਾਂ ਮੋਬਾਇਲ ਨੰਬਰ 70092 12466 ‘ਤੇ ਸੰਪਰਕ ਕਰ ਸਕਦੇ ਹਨ ਜਾਂ ਫਿਰ ਆਪਣੇ ਨਜ਼ਦੀਕੀ ਸੀਡੀਪੀਓ ਦਫ਼ਤਰ ਅਤੇ ਆਂਗਨਵਾੜੀ ਦਫ਼ਤਰ ਨਾਲ ਵੀ ਸੰਪਰਕ ਕਰ ਸਕਦੇ ਹਨ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਅਨੁਪ੍ਰਿਤਾ ਜੌਹਲ, ਆਈ ਏ ਐੱਸ (ਅੰਡਰ ਟ੍ਰੇਨਿੰਗ) ਗੁਰਲੀਨ ਕੌਰ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਖੁਸ਼ਵੀਰ ਕੌਰ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

