
ਮਾਨਸਾ, 7 ਅਗਸਤ ( ਸੰਜੀਵ ਜਿੰਦਲ ) : ਸਰਦੂਲਗੜ੍ਹ ਦੇ ਐਸਐਚਓ ਨੂੰ ਸਸਪੈਂਡ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਰਦੂਲਗੜ੍ਹ ਥਾਣੇ ਦੇ ਐਸਐਚਓ ਵਿਕਰਮ ਸਿੰਘ ਵਿਰੁੱਧ ਇੱਕ ਵੱਡੀ ਕਾਰਵਾਈ ਕਰਦਿਆਂ ਮਾਮਲਾ ਦਰਜ ਕੀਤਾ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਐਸਐਚਓ ‘ਤੇ ਵਾਰਡ ਨੰਬਰ 11 ਦੇ ਵਸਨੀਕ ਮਨਪ੍ਰੀਤ ਸਿੰਘ ਨਾਮ ਦੇ ਨੌਜਵਾਨ ਨੂੰ ਥਾਣੇ ਵਿੱਚ ਕੁੱਟਣ ਦਾ ਦੋਸ਼ ਹੈ।ਦੱਸਿਆ ਜਾ ਰਿਹਾ ਹੈ ਕਿ ਮਨਪ੍ਰੀਤ ਸਿੰਘ ਅਤੇ ਉਸਦੇ ਰਿਸ਼ਤੇਦਾਰ ਵਿਚਕਾਰ ਜ਼ਮੀਨ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ, ਜਿਸ ਕਾਰਨ ਉਸਨੂੰ ਥਾਣੇ ਲਿਆਂਦਾ ਗਿਆ ਸੀ। ਇਸ ਦੌਰਾਨ ਐਸਐਚਓ ਵਿਕਰਮ ਸਿੰਘ ਅਤੇ ਇੱਕ ਹੋਰ ਕਰਮਚਾਰੀ ਨੇ ਦੋਵਾਂ ਨੂੰ ਬੇਰਹਿਮੀ ਨਾਲ ਕੁੱਟਿਆ। ਜਿਸ ਕਾਰਨ ਮਨਪ੍ਰੀਤ ਸਿੰਘ ਦੇ ਹੱਥ ਵਿੱਚ ਵੀ ਗੰਭੀਰ ਸੱਟਾਂ ਲੱਗੀਆਂ।
ਮਨਪ੍ਰੀਤ ਦੀ ਪਤਨੀ ਸੁਖਵਿੰਦਰ ਕੌਰ ਨੇ ਇਸ ਸਬੰਧੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਕਾਰਨ ਮਾਨਸਾ ਦੇ ਸੀਨੀਅਰ ਪੁਲਿਸ ਸੁਪਰਡੈਂਟ (ਐਸਐਸਪੀ) ਨੂੰ ਜਵਾਬ ਦੇਣ ਦੇ ਨਿਰਦੇਸ਼ ਦਿੱਤੇ ਗਏ ਸਨ। ਜਾਂਚ ਤੋਂ ਬਾਅਦ ਐਸਐਸਪੀ ਨੇ ਐਸਐਚਓ ਵਿਕਰਮ ਸਿੰਘ ਅਤੇ ਇੱਕ ਹੋਰ ਕਰਮਚਾਰੀ ਵਿਰੁੱਧ ਮਾਮਲਾ ਦਰਜ ਕੀਤਾ ਸੀ। ਇਹ ਮਾਮਲਾ ਬੀਐਨਐਸ ਦੀ ਧਾਰਾ 115 (2), 118 (2) ਅਤੇ 34 ਤਹਿਤ ਦਰਜ ਕੀਤਾ ਗਿਆ ਹੈ। ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

