
ਸੰਜੀਵ ਜਿੰਦਲ
ਮਾਨਸਾ, 5 ਅਗਸਤ : ਬੀਤੇ ਦਿਨੀਂ ਮਾਨਸਾ ਦੀਆਂ ਸੜਕਾਂ ਤੇ ਵੱਡੀ ਗਿਣਤੀ ਵਿਚ ਆਵਾਰਾ ਪਸ਼ੂਆਂ ਦੇ ਹੋਣ ਕਰਕੇ ਹਾਦਸਿਆਂ ਨੂੰ ਰੋਕਣ ਲਈ ਸਮਾਜਿਕ ਸੰਸਥਾ ‘ਵਾਇਸ ਆਫ ਮਾਨਸਾ’ ਵੱਲੋਂ ਜਰਨਲ ਹਾਊਸ ਮੀਟਿੰਗ ਕਰਕੇ ਜਿਲ੍ਹਾ ਪ੍ਰਸ਼ਾਸਨ ਤੋਂ ਮਾਨਸਾ ਜਿਲ੍ਹੇ ਦੇ ਗਊ ਸੈਸ ਦੀ ਰਕਮ ਤੁਰੰਤ ਖੋਖਰ ਦੀ ਸਰਕਾਰੀ ਗਊਸ਼ਾਲਾ ਅਤੇ ਸ਼ਹਿਰ ਦੀਆ ਹੋਰ ਗਊਸ਼ਾਲਾਵਾਂ ਨੂੰ ਜਾਰੀ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਇਹਨਾਂ ਗਊਸ਼ਾਲਾਵਾਂ ਨੂੰ ਨਾਲ ਹੀ ਸੜਕਾਂ ਤੋਂ ਆਵਾਰਾ ਪਸ਼ੂਆਂ ਚੁੱਕ ਕੇ ਲੈ ਜਾਣ ਦੀ ਵੀ ਬੇਨਤੀ ਕੀਤੀ।
ਸੰਸਥਾ ਵੱਲੋਂ ਪਹਿਲਾਂ ਪਿਛਲ਼ੇ ਦਿਨੀਂ ਸਵਰਗ ਸਿਧਾਰ ਗਏ ਉਘੇ ਰੰਗਕਰਮੀ ਅਤੇ ਸੰਸਥਾ ਮੈਂਬਰ ਬਲਰਾਜ ਮਾਨ ਨੂੰ ਮੌਨ ਧਾਰਕੇ ਸ਼ਰਧਾਂਜਲੀ ਦਿੱਤੀ ਗਈ।ਸੰਸਥਾ ਦੇ ਪ੍ਰਧਾਨ ਡਾ. ਜਨਕ ਰਾਜ ਸਿੰਗਲਾ ਵਲੋਂ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ਼ਹਿਰ ਵਿਚ ਆਵਾਰਾ ਪੁਸ਼ੂਆ ਨਾਲ ਹੋਏ ਹਾਦਸਿਆਂ ਕਰਕੇ ਜਖਮੀ ਹੋ ਰਹੇ ਜਾ ਜਾਨਾ ਗਵਾ ਰਹੇ ਨਾਗਰਿਕਾਂ ਦੀ ਦਿਨੋਂ ਦਿਨ ਵਧ ਰਹੀ ਗਿਣਤੀ ਤੇ ਚਿੰਤਾ ਪ੍ਰਗਟਾਉਦਿਆਂ ਪਿਛਲੇ ਸੰਘਰਸ਼ਾਂ ਦਾ ਵੇਰਵਾ ਦਿੰਦਿਆਂ ਕਿਹਾ ਕਿ ਹੁਣ ਲੋੜ ਹੈ ਕਿ ਸ਼ਹਿਰ ਵਾਸੀ ਇਸ ਸਮੱਸਿਆਂ ਦੇ ਹੱਲ ਲਈ ਇਕੱਠੇ ਹੋਣ ਅਤੇ ਪ੍ਰਸ਼ਾਸਨ ਇਸ ਸਮੱਸਿਆ ਵੱਲ ਧਿਆਨ ਦੇਵੇ। ਪਿਛਲੇ ਦਿਨੀ ਇੱਕ ਨੌਜਵਾਨ ਸਤਨਾਮ ਸਿੰਘ ਦੀ ਅਵਾਰਾ ਪਸ਼ੂਆ ਕਰਕੇ ਦਰਦਨਾਕ ਹਾਦਸੇ ਵਿੱਚ ਹੋਈ ਮੌਤ ਤੇ ਅਫਸੋਸ ਪਰਗਟ ਕਰਦਿਆ ਬੁਲਾਰਿਆ ਨੇ ਕਿਹਾ ਕਿ ਇਹਨਾ ਪਸ਼ੂਆ ਦੀ ਸੰਭਾਲ ਲਈ ਜਾ ਸੜਕਾਂ ਤੋਂ ਹਟਾਉਣ ਲਈ ਜਿੰਮੇਵਾਰ ਅਧਿਕਾਰੀਆ ਨੂੰ ਹੁਣ ਹੋਰ ਇੰਤਜਾਰ ਕੀਤੇ ਬਿਨਾ ਦਿਨ ਰਾਤ ਇੱਕ ਕਰਕੇ ਸ਼ਹਿਰ ਵਾਸੀਆ ਅਤੇ ਆਲੇ ਦੁਆਲੇ ਦੇ ਲੋਕਾਂ ਲਈ ਅਵਾਰਾ ਪਸ਼ੂਆ ਤੋ ਬਿਨਾ ਸੁਰੱਖਿਅਤ ਸੜਕਾ ਯਕੀਨੀ ਬਨਾਉਣ। ਉਹਨਾ ਨੂੰ ਤਨਦੇਹੀ ਨਾਲ ਆਪਣੀ ਜਿੰਮੇਵਾਰੀ ਨਿਭਾਉਦੇ ਹੋਏ,ਹਾਦਸਿਆਂ ਤੋਂ ਪਰਭਾਵਿਤ ਪਰਿਵਾਰਾਂ ਦਾ ਦੁੱਖ ਦਰਦ ਸਮਝਦੇ ਹੋਏ, ਤੇਜੀ ਨਾਲ ਕੰਮਕਰਨ ਦੀ ਲੋੜ ਹੈ।ਮੰਗ ਕੀਤੀ ਗਈ ਕਿ ਜਿਲਾ ਪੱਧਰ ਤੇ ਇੱਕ ਨੋਡਲ ਅਫਸਰ ਨਿਯੁਕਤ ਕਰਕੇ ਇੱਕ ਅਜਿਹਾ ਸਿਸਟਮ ਬਨਾਉਣਾ ਚਾਹੀਦਾ ਹੈ ਕਿ ਇੱਕ ਵੀ ਪਸ਼ੂ ਦੀ ਸੂਚਨਾ ਮਿਲਣ ਤੇ ਕੁੱਝ ਸਮੇ ਵਿੱਚ ਹੀ ਪਸ਼ੂ ਨੂੰ ਚੁਕਵਾਇਆ ਜਾਵੇ।ਨਾਲ ਹੀ ਅਵਾਰਾ ਪਸ਼ੂਆ ਨੂੰ ਸੜਕਾ ਤੇ ਛੱਡਣ ਵਾਲਿਆ ਦੀ ਵੀ ਪਹਿਚਾਣ ਕਰਕੇ ਲੋੜੀਦੀ ਕਾਰਵਾਈ ਯਕੀਨੀ ਬਣਾਈ ਜਾਵੇ।
ਬਲਵਿੰਦਰ ਸਿੰਘ ਕਾਕਾ ਅਤੇ ਸਮਾਜ ਸੇਵੀ ਸੰਜੀਵ ਪਿੰਕਾ ਵਲੋਂ ਸਰਕਾਰੀ ਗਊਸ਼ਾਲਾ ਦੇ ਪ੍ਰਧਾਨ ਸੁਨੀਲ ਕੁਮਾਰ ਨੂੰ ਬੁਲਾਇਆ ਗਿਆ ਤੇ ਉਹਨਾਂ ਵਲੋਂ ਖੋਖਰ ਗਊਸ਼ਾਲਾ ਨੂੰ ਗਊ ਸੈਸ ਨਾ ਮਿਲਣ ਕਰਕੇ ਪਸ਼ੂ ਸੰਭਾਲਣ ਵਿਚ ਆ ਰਹੀਆਂ ਦਿੱਕਤਾਂ ਬਾਰੇ ਸਭ ਨਾਲ ਵਿਚਾਰ ਸਾਂਝੇ ਕੀਤੇ ਗਏ।ਉਹਨਾਂ ਕਿਹਾ ਕਿ ਖੋਖਰ ਗਊਸ਼ਾਲਾ ਵਿਚ ਪਸ਼ੂ ਰੱਖਣ ਤੋਂ ਕਦੇ ਵੀ ਇਨਕਾਰ ਨਹੀ ਕੀਤਾ ਹੈ ਕਿਉਂਕਿ ਗਊਸ਼ਾਲਾ ਦੀ ਸਮਰੱਥਾ ਕਾਫੀ ਗਾਵਾਂ ਰੱਖ ਸਕਦੀ ਹੈ ਪਰੰਤੂ ਸਮੱਸਿਆ ਸਿਰਫ ਉਹਨਾਂ ਦੀ ਸੰਭਾਲ ਤੇ ਹੋਣ ਵਾਲੇ ਖਰਚੇ ਦੀ ਰਕਮ ਦਾ ਘੱਟ ਹੋਣਾ ਹੈ। ਉਹਨਾਂ ਵਲੋਂ ਕਾਫੀ ਸਮੇਂ ਤੋਂ ਗਊ ਸੈਸ ਦੀ ਰਕਮ ਨਾ ਮਿਲਣ ਦਾ ਵੀ ਜ਼ਿਕਰ ਕੀਤਾ। ਉਹਨਾਂ ਨਾਲ ਸਹਿਮਤ ਹੁੰਦਿਆਂ ਸੰਸਥਾ ਦੇ ਮੈਂਬਰ ਓਮ ਪ੍ਰਕਾਸ਼ ਰਿਟਾ. ਐਸ.ਡੀ.ਐਮ., ਦਰਸ਼ਨਪਾਲ ਗਰਗ, ਸੇਠੀ ਸਿੰਘ ਸਰਾਂ ਰਿਟਾ ਏ.ਆਰ, ਸੋਸ਼ਲਿਸਟ ਪਾਰਟੀ ਦੇ ਆਗੂ ਹਰਿੰਦਰ ਮਾਨਸ਼ਾਹੀਆਂ, ਸਮਾਜ ਸੇਵੀ ਮਿੱਠੂ ਰਾਮ ਅਰੋੜਾ, ਦਰਸ਼ਨ ਸਿੰਘ, ਮੁਸਲਿਮ ਫਰੰਟ ਦੇ ਆਗੂ ਹੰਸਰਾਜ ਮੋਫਰ, ਸੀਨੀਅਰ ਸਿਟੀਜ਼ਨ ਆਗੂ ਬਿੱਕਰ ਮਘਾਣੀਆ,ਨਰਿੰਦਰ ਗੁਪਤਾ, ਡਾ ਸ਼ੇਰ ਜੰਗ ਸਿੰਘ ਸਿੱਧੂ ,ਨਰਿੰਦਰ ਸਿੰਘਲ ਨੇ ਮਾਨਸਾ ਵਿਖੇ ਵੱਖ ਵੱਖ ਆਟੋ ਡੀਲਰਸ਼ਿਪਾਂ ਦੇ ਵਲੋਂ ਵੇਚੇ ਜਾ ਰਹੇ ਵਹੀਕਲਾਂ ਤੋਂ ਪ੍ਰਾਪਤ ਹੋਣ ਵਾਲੇ ਗਊ ਸੈਸ ਦੀ ਰਕਮ ਮੁੱਖ ਡਿਲਰਸ਼ਿਪ ਦਫਤਰ ਬਠਿੰਡਾ ਜਾਣ ਤੋਂ ਰੋਕੇ ਜਾਣ ਦੀ ਮੰਗ ਕੀਤੀ ਤਾਂ ਜੋ ਮਾਨਸਾ ਜਿਲ਼੍ਹੇ ਦੀਆਂ ਗਊਸ਼ਾਲਾਵਾਂ ਵਿਚ ਪਸ਼ੂਆਂ ਲਈ ਹੋਰ ਸਹੂਲਤਾਂ ਕਾਇਮ ਕੀਤੀਆਂ ਜਾ ਸਕਣ।
ਇਸ ਮੌਕੇ ਆਮ ਆਦਮੀ ਪਾਰਟੀ ਆਗੂ ਨਰੇਸ਼ ਬਿਰਲਾ ਵਲੋਂ ਸ਼ਹਿਰ ਦੇ ਪੀਣ ਵਾਲੇ ਪਾਣੀ ਵਿਚ ਰਲ ਰਹੇ ਸੀਵਰੇਜ ਦੇ ਪਾਣੀ ਨਾਲ ਗੰਦੇ ਪਾਣੀ ਦੀ ਸਪਲਾਈ ਹੋਣ ਦਾ ਮੁੱਦਾ ਵੀ ਚੁੱਕਿਆ ਜਿਸ ਤੇ ਰਿਟਾਇਰ ਐਸ ਡੀ ਓ ਸ਼ੰਭੂ ਨਾਥ ਨੇ ਪੀਣ ਦੇ ਸਾਫ ਪਾਣੀ ਲਈ ਹੋਰ ਸੀਵਰੇਜ ਟਰੀਟਮੈਂਟ ਪਲਾਂਟ ਬਣਾਉਣ ਲਈ ਵੀ ਸਰਕਾਰ ਤੋਂ ਮੰਗ ਕੀਤੀ।ਇਸ ਮੋਕੇ ਕੇਸਰ ਸਿੰਘ ਧਲੇਵਾਂ ਵਲੋਂ ਪਿੰਡ ਧਲੇਵਾਂ ਵਿਖੇ ਸਿੰਧੂ ਘਾਟੀ ਸੱਭਿਅਤਾ ਸਬੰਧੀ ਹੋਈ ਖੋਜ ਨਾਲ ਸਬੰਧਤ ਕੋਈ ਮਿਊਜ਼ੀਅਮ ਬਣਾਉਣ ਲਈ ਵੀ ਸੰਸਥਾਂ ਨੂੰ ਉਦਮ ਕਰਨ ਦੀ ਮੰਗ ਉਠਾਈ। ਅੰਤ ਵਿਚ ਜਰਨਲ ਸਕੱਤਰ ਵਿਸ਼ਵਦੀਪ ਬਰਾੜ ਅਤੇ ਪ੍ਰਧਾਨ ਡਾ ਜਨਕ ਰਾਜ ਸਿੰਗਲਾ ਨੇ ਮੀਟਿੰਗ ਵਿਚ ਉਠਾਏ ਗਏ ਮੁਦਿਆ ਤੇ ਮੈਮੋਰੰਡਮ ਤਿਆਰ ਕਰਕੇ ਜਲਦੀ ਹੀ ਕਾਰਵਾਈ ਸੁਰੂ ਕਰਨ ਦਾ ਭਰੋਸਾ ਦਿੱਤਾ।ਡਾ ਜਨਕ ਰਾਜ ਸਿੰਗਲਾ ਨੇ ਇਸ ਮੌਕੇ ਡਾ ਲਖਵਿੰਦਰ ਮੂਸਾ ਵਲੋਂ ਮਾਨਸਾ ਦੇ ਵਿਕਾਸ ਕਾਰਜਾਂ ਨੂੰ ਤੇਜ਼ ਕਰਨ ਲਈ ਬਠਿੰਡਾ ਵਿਕਾਸ ਅਥਾਰਟੀ ਤੋਂ ਵੱਖ ਕੀਤੇ ਜਾਣ ਸਬੰਧੀ ਵੀ ਹੋਰ ਸੰਸਥਾਵਾਂ ਨਾਲ ਵਿਚਾਰ ਚਰਚਾ ਕਰਕੇ ਅੱਗੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ।ਇਸ ਮੌਕੇ ਅਸ਼ੌਕ ਬਾਂਸਲ ਮਾਨਸਾ ਨੂੰ ਸੰਗੀਤ ਜਗਤ ਵਿਚ ਉਹਨਾਂ ਵਲੋਂ ਕੀਤੀਆ ਉਪਲੱਬਧੀਆਂ ਕਰਕੇ ਸੰਸਥਾ ਦੇ ਸਾਰੇ ਮੈਂਬਰਾਂ ਵਲੋਂ ਸਨਮਾਨਿਤ ਵੀ ਕੀਤਾ ਗਿਆ।

